ਜਦ ਪੰਜਾਬੀ ਪੰਜਾਬ ਸ਼ਬਦ ਸੁਣਦੇ ਹਨ ਤਾਂ ਉਨ੍ਹਾਂ ਦੇ ਮਨ ਵਿਚ ਅਨੇਕ ਤਰ੍ਹਾਂ ਦੇ ਭਾਵ ਜਨਮ ਲੈਂਦੇ ਹਨ। ਜ਼ਿੰਦਗੀ ਨਾਲ ਮੋਹ, ਪਿਆਰ, ਉਸ ਵਿਚਲੀਆਂ ਤਲਖ਼ੀਆਂ, ਦੁੱਖ-ਦੁਸ਼ਵਾਰੀਆਂ ਅਤੇ ਆਪਣੀ ਭੋਇੰ, ਵਿਰਾਸਤ, ਦਰਿਆਵਾਂ, ਨਦੀਆਂ, ਪਿੰਡਾਂ, ਨਗਰਾਂ, ਸ਼ਹਿਰਾਂ, ਪਰਿਵਾਰਾਂ ਤੇ ਪੰਜਾਬੀ ਬੋਲੀ ਨਾਲ ਜੁੜੇ ਭਾਵਾਂ ਦੇ ਅਨੰਤ ਨਾਦ ਉਨ੍ਹਾਂ ਦੇ ਮਨਾਂ ਵਿਚ ਗੂੰਜਦੇ ਹਨ ਅਤੇ ਇਸ ਤਰ੍ਹਾਂ ਲੋਕ-ਮਨ ਵਿਚ ਇਕ ਬਹੁਤ ਹੀ ਜਟਿਲ ਤੇ ਭਾਵੁਕ ਬਿੰਬ, ਜਿਸ ਨੂੰ ਅਸੀਂ ਪੰਜਾਬ ਕਹਿੰਦੇ ਹਾਂ, ਦੀ ਸਿਰਜਣਾ ਹੁੰਦੀ ਹੈ। ਪੰਜਾਬ ਤੇ ਪੰਜਾਬੀਆਂ ਦਾ ਰਿਸ਼ਤਾ ਹੋਰ ਧਰਤਾਂ ਦੇ ਵਾਸੀਆਂ ਵਾਂਗ ਸਦੀਆਂ ਪੁਰਾਣਾ ਹੈ ਅਤੇ ਸਦੀਆਂ ਤੋਂ ਇੱਥੇ ਵੱਸਣ ਕਾਰਨ ਇਹ ਰਿਸ਼ਤਾ ਇਕ ਕੁਦਰਤੀ ਵਰਤਾਰਾ ਬਣ ਗਿਆ ਹੈ; ਪੰਜਾਬ ਪੰਜਾਬੀ ਬੰਦੇ ਦੀ ਪਛਾਣ ਦਾ ਚਿੰਨ੍ਹ ਹੈ, ਪੰਜਾਬੀ ਭਾਸ਼ਾ ਰਾਹੀਂ ਪ੍ਰਗਟ, ਊਰਜਿਤ ਤੇ ਪ੍ਰਵਾਨਿਤ ਹੁੰਦਾ ਹੋਇਆ। ਪੰਜਾਬੀ ਪੰਜਾਬ ਨੂੰ ਅਲਵਿਦਾ ਕਹਿ ਵੀ ਦੇਵੇ ਤਾਂ ਵੀ ਉਹ ਪੰਜਾਬੀ ਰਹਿੰਦਾ ਹੈ; ਉਸ ਦਾ ਪੰਜਾਬ ਨਾਲ ਰਿਸ਼ਤਾ ਨਹੀਂ ਟੁੱਟਦਾ। ਵਿਦੇਸ਼ਾਂ ਵਿਚ ਵੱਸਦਾ ਪੰਜਾਬੀ ਹਮੇਸ਼ਾਂ ਇਹ ਟੋਹ ਰੱਖਦਾ ਹੈ ਕਿ ਮੇਰੇ ਪੰਜਾਬ ਵਿਚ ਕੀ ਹੋ ਰਿਹਾ ਹੈ। 1947 ਦੀ ਵੰਡ ਨੇ ਪੰਜਾਬੀਆਂ ਨੂੰ ਆਧੁਨਿਕਤਾ ਦੇ ਅੱਧੇ-ਅਧੂਰੇ ਪਾਤਰ (Subject) ਬਣਾ ਦਿੱਤਾ ਅਤੇ ਹੁਣ ਇਤਿਹਾਸ ਦੀ ਮਾਰ ਝੱਲਦੇ ਚੜ੍ਹਦੇ ਪੰਜਾਬ ਦੇ ਵਾਸੀਆਂ ਦਾ ਬਹੁਤਾ ਵਾਸਤਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਵਾਸੀਆਂ ਦਾ ਲਹਿੰਦੇ ਪੰਜਾਬ ਨਾਲ ਹੈ ਭਾਵੇਂ ਪੰਜਾਬ ਦੇ ਗੁਰੂ, ਪੀਰ, ਫ਼ਕੀਰ, ਸੂਫ਼ੀ, ਸਾਹਿਤਕਾਰ, ਗਾਇਕ, ਕਲਾਕਾਰ ਆਦਿ ਅੱਜ ਵੀ ਸਾਂਝੇ ਹਨ।
ਚੜ੍ਹਦੇ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੇ ਪੰਜਾਬ ਨੂੰ ਮੁੜ ਊਰਜਿਤ ਕੀਤਾ ਅਤੇ ਪੰਜਾਬੀਅਤ ਦੀ ਨਵੀਂ ਬਾਤ ਪਾਈ ਹੈ। 1980ਵਿਆਂ ਵਿਚ ਅਤਿਵਾਦ ਅਤੇ ਸਰਕਾਰੀ ਤਸ਼ੱਦਦ ਦਾ ਵਲੂੰਧਰਿਆ ਪੰਜਾਬ 1990ਵਿਆਂ ਵਿਚ ਨਸ਼ਿਆਂ ਦੀ ਝੋਲੀ ਵਿਚ ਜਾ ਡਿੱਗਿਆ ਸੀ ਅਤੇ ਪਰਵਾਸ, ਨਸ਼ੇ, ਬੇਰੁਜ਼ਗਾਰੀ ਅਤੇ ਉਦਾਸੀਨਤਾ ਪੰਜਾਬ ਨੂੰ ਬਿਆਨ ਕਰਨ ਵਾਲੇ ਚਿੰਨ੍ਹ ਬਣ ਗਏ ਸਨ। ਕਿਸਾਨ ਅੰਦੋਲਨ ਨੇ ਪੰਜਾਬ ਨੂੰ ਉਸ ਉਪਰਾਮਤਾ ਤੇ ਉਦਾਸੀ ਦੇ ਆਲਮ ਵਿਚੋਂ ਬਾਹਰ ਕੱਢਿਆ ਅਤੇ ਸੰਘਰਸ਼ ਦਾ ਉਹ ਸੰਖ ਪੂਰਿਆ ਜਿਸ ਦੀ ਆਵਾਜ਼ ਚੌਂਹਾਂ ਕੂੰਟਾਂ ਵਿਚ ਸੁਣਾਈ ਦਿੱਤੀ। ਕਿਸਾਨ ਅੰਦੋਲਨ ਨੇ ਪੰਜਾਬੀ ਬੰਦੇ ਦੇ ਸਬਰ, ਸਿਦਕ ਤੇ ਸਿਰੜ ਦੇ ਨਾਲ ਨਾਲ ਉਸ ਦੇ ਵੇਗ ਦੇ ਭਿੰਨ ਭਿੰਨ ਪਸਾਰਾਂ ਨੂੰ ਵੀ ਬੜੀ ਸਜਗਤਾ ਨਾਲ ਬਣਾਇਆ, ਸ਼ਿੰਗਾਰਿਆ, ਸਿਰਜਿਆ ਅਤੇ ਅਪਣਾਇਆ ਹੈ। ਇਹ ਅੰਦੋਲਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਮੌਲਿਆ ਅਤੇ ਕਿਸਾਨ ਆਗੂਆਂ ਨੇ ਇਸ ਵਿਚ ਕੂੰਜੀਵਤ ਭੂਮਿਕਾ ਨਿਭਾਈ ਹੈ। ਇਸ ਭੂਮਿਕਾ ਦਾ ਇਕ ਵਿਸ਼ੇਸ਼ ਪੱਖ ਸਿਆਸੀ ਪਾਰਟੀਆਂ ਨੂੰ ਕਿਸਾਨ ਅੰਦੋਲਨ ਅਤੇ ਸਟੇਜਾਂ ’ਤੇ ਕੋਈ ਸਥਾਨ (ਸਪੇਸ) ਨਾ ਦੇਣਾ ਵੀ ਹੈ। ਮਨੁੱਖ ਸਮਾਜਿਕ ਤੇ ਸੱਭਿਆਚਾਰਕ ਜੀਵ ਹੋਣ ਦੇ ਨਾਲ ਨਾਲ ਸਿਆਸੀ ਜੀਊੜਾ ਹੈ ਤੇ ਦਲੀਲ ਦਿੱਤੀ ਜਾ ਸਕਦੀ ਹੈ ਕਿ ਸਿਆਸੀ ਆਗੂਆਂ ਨੂੰ ਕਿਸਾਨ ਅੰਦੋਲਨ ਤੋਂ ਬਾਹਰ ਰੱਖਣਾ ਵੀ ਇਕ ਵੱਖਰੀ ਤਰ੍ਹਾਂ ਦੀ ਸਿਆਸਤ ਹੈ; ਇਹ ਵੱਖਰੀ ਤਰ੍ਹਾਂ ਦੀ ਨਰੋਈ ਅਤੇ ਸਿਹਤਮੰਦ ਸਿਆਸਤ ਹੈ ਜਿਸ ਦਾ ਰਵਾਇਤੀ ਸਿਆਸੀ ਪਾਰਟੀਆਂ ਦੀ ਗੰਧਲੀ ਤੇ ਉਦਾਸੀਨਤਾ ਪੈਦਾ ਕਰਨ ਵਾਲੀ ਸਿਆਸਤ ਨਾਲ ਕੋਈ ਵਾਹ-ਵਾਸਤਾ ਨਹੀਂ। ਇਸ ਸਭ ਕੁਝ ਦੇ ਨਾਲ ਨਾਲ ਇਸ ਤਲਖ਼ ਹਕੀਕਤ ਕਿ ਸਾਡੇ ਸਮਿਆਂ ਵਿਚ ਮਨੁੱਖ ਦੀ ਹੋਣੀ ਆਪਣੇ ਆਪ ਨੂੰ ਸਿਆਸੀ ਰੂਪਾਂ (terms) ਵਿਚ ਪ੍ਰਗਟ ਕਰਦੀ ਹੈ, ਨੂੰ ਵੀ ਨਹੀਂ ਭੁੱਲਿਆ ਜਾ ਸਕਦਾ ਅਤੇ ਅਸੀਂ ਸਿਆਸਤ (ਭਾਵੇਂ ਉਹ ਰਵਾਇਤੀ ਹੋਵੇ ਜਾਂ ਗ਼ੈਰ-ਰਵਾਇਤੀ) ਤੋਂ ਬੇਨਿਆਜ਼ ਨਹੀਂ ਰਹਿ ਸਕਦੇ।
ਹੁਣ ਪੰਜਾਬ ਦੀ ਰਵਾਇਤੀ ਸਿਆਸਤ ਵਿਚ ਵੀ ਕੁਝ ਅਜਿਹਾ ਵਾਪਰਿਆ ਹੈ ਜਿਸ ਦਾ ਪ੍ਰਭਾਵ ਪੂਰੇ ਪੰਜਾਬੀ ਸੰਸਾਰ (ਪੂਰਬੀ ਪੰਜਾਬ ਤੇ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ ਵਿਚ ਵੱਸਦਾ ਪੰਜਾਬ) ਵਿਚ ਮਹਿਸੂਸ ਕੀਤਾ ਜਾ ਰਿਹਾ ਹੈ; ਉਹ ਹੈ ਚਰਨਜੀਤ ਸਿੰਘ ਚੰਨੀ ਦਾ ਪੰਜਾਬ ਦਾ ਮੁੱਖ ਮੰਤਰੀ ਬਣਨਾ। ਇਤਿਹਾਸ ਨੂੰ ਕਈ ਤਰ੍ਹਾਂ ਨਾਲ ਘੋਖਣ ਵਾਲੇ ਇਤਿਹਾਸਕਾਰ ਭਾਵੇਂ ਸਿਆਸੀ ਆਗੂਆਂ ਦੇ ਬਦਲਣ ਨੂੰ ਕਿਸੇ ਖ਼ਿੱਤੇ ਦੀ ਹੋਣੀ ’ਤੇ ਜ਼ਿਆਦਾ ਪ੍ਰਭਾਵ ਪਾਉਣ ਵਾਲੀਆਂ ਘਟਨਾਵਾਂ ਨਾ ਮੰਨਣ ਪਰ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਪਸਾਰ ਇਤਿਹਾਸਕ, ਪ੍ਰਤੀਕਾਤਮਕ ਅਤੇ ਡੂੰਘੇਰੇ ਹਨ। ਇਤਿਹਾਸ ਨੇ ਪੰਜਾਬ ਦੀ ਅਗਵਾਈ ਅਜਿਹੇ ਮੋੜ ’ਤੇ ਉਸ ਦੇ ਹੱਥਾਂ ਵਿਚ ਦਿੱਤੀ ਹੈ ਜਿੱਥੇ ਉਹ ਇਸ (ਮੋੜ) ਨੂੰ ਸਹੀ ਅਰਥਾਂ ਵਿਚ ਇਤਿਹਾਸਕ ਅਤੇ ਦੂਰਗਾਮੀ ਅਰਥਾਂ ਵਾਲਾ ਬਣਾ ਸਕਦਾ ਹੈ।
ਸਿਆਸੀ ਉਥਲ-ਪੁਥਲ ਕਈ ਤਰ੍ਹਾਂ ਦੇ ਰਾਜਨੀਤਕ, ਆਰਥਿਕ ਤੇ ਸਮਾਜਿਕ ਵਰਤਾਰਿਆਂ ’ਚੋਂ ਜਨਮ ਲੈਂਦੀ ਹੈ। ਇਸ ਵਿਚ ਸਿਆਸੀ ਆਗੂਆਂ ਦੇ ਨਿੱਜੀ ਵਿਰੋਧ, ਧੜੇਬਾਜ਼ੀਆਂ, ਹਰ ਸਿਆਸੀ ਆਗੂ ਦੀ ਦੂਸਰੇ ਸਿਆਸੀ ਆਗੂਆਂ ਨੂੰ ਮਾਤ ਦੇਣ ਦੀਆਂ ਚਾਹਤਾਂ, ਨਿੱਤ ਬਣਦੀਆਂ ਸਿਆਸੀ ਦੋਸਤੀਆਂ ਅਤੇ ਵੈਰ, ਸਭ ਆਪੋ-ਆਪਣੀ ਭੂਮਿਕਾ ਨਿਭਾਉਂਦੇ ਹਨ। ਬਹੁਤ ਵਾਰ ਇਹ ਕੁਚੱਜੇ ਤੇ ਕਲੇਸ਼ਮਈ ਢੰਗ ਨਾਲ ਹੁੰਦਾ ਹੈ; ਲੱਗਦਾ ਹੈ ਕਿ ਸਭ ਕੁਝ ਗ਼ਲਤ ਹੋ ਰਿਹਾ ਹੈ; ਜੋ ਸਿਆਸੀ ਬਣਤਰ ਇਸ ਵੇਲੇ ਹੈ, ਉਹੀ ਬਣੀ ਰਹੇ; ਸਥਿਤੀ ਜਿਉਂ ਦੀ ਤਿਉਂ (Status quo) ਰਹੇ ਤਾਂ ਹੀ ਭਲਾ ਹੈ, ਜੇ ਹਾਲਾਤ ਬਦਲੇ ਤਾਂ ਬਹੁਤ ਕੁਝ ਉੱਪਰ-ਥੱਲੇ ਹੋ ਜਾਵੇਗਾ। ਇਹ ਸੰਸੇ ਸੁਭਾਵਿਕ ਹਨ ਪਰ ਬਦਲਾਉ ਤਾਂ ਹੋਣਾ ਹੁੰਦਾ ਹੈ ਭਾਵੇਂ ਉਹ ਸਹਿਜਮਈ ਢੰਗ ਨਾਲ ਹੋਵੇ ਜਾਂ ਸਿਆਸੀ ਕੜਵੱਲਾਂ ਤੇ ਜ਼ੋਰ-ਜ਼ਬਰਦਸਤੀ ਨਾਲ। ਸਿਆਸੀ ਮਜਬੂਰੀਆਂ ਕਾਰਨ ਲਏ ਫ਼ੈਸਲਿਆਂ ਦੇ ਅਰਥ ਬਹੁਤ ਵਾਰ ਅਜਿਹੇ ਨਿਕਲਦੇ ਹਨ ਜਿਹੜੇ ਫ਼ੈਸਲੇ ਕਰਨ ਵਾਲਿਆਂ ਨੇ ਕਦੇ ਸੋਚੇ ਜਾਂ ਕਿਆਸੇ ਨਹੀਂ ਹੁੰਦੇ। ਪਾਰਟੀਆਂ ਸਾਹਮਣੇ ਆਪਣੀ ਅਗਵਾਈ ਇਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੂੰ ਸੌਂਪਣ ਦੀ ਵੀ ਵੱਡੀ ਚੁਣੌਤੀ ਹੁੰਦੀ ਹੈ। ਕਾਂਗਰਸ ਨੇ ਵੱਖ ਵੱਖ ਸੂਬਿਆਂ ਵਿਚ ਇਹ ਬਦਲਾਉ ਕਰਨ ਵਿਚ ਕਈ ਵਾਰ ਮਾਤ ਖਾਧੀ ਜਿਸ ਦੀ ਉਦਾਹਰਨ ਦਿੱਲੀ ਅਤੇ ਅਸਾਮ ਵਿਚ ਸ਼ੀਲਾ ਦੀਕਸ਼ਿਤ ਅਤੇ ਤਰੁਣ ਗੋਗੋਈ ਦੇ 15 ਵਰ੍ਹਿਆਂ ਦੇ ਲਗਾਤਾਰ ਰਾਜ ਦੀ ਦਿੱਤੀ ਜਾ ਸਕਦੀ ਹੈ।
ਇਸ ਤਰ੍ਹਾਂ ਇਹ ਸਿਆਸੀ ਬਦਲਾਉ ਕਈ ਸਿਆਸੀ ਕੜਵੱਲਾਂ ਵਿਚੋਂ ਨਿਕਲਿਆ ਹੈ ਅਤੇ ਇਸ ਸਭ ਕੁਝ ਦੇ ਬਾਵਜੂਦ ਇਸ ਨੇ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਨੂੰ ਇਹ ਮੌਕਾ ਦਿੱਤਾ ਹੈ ਕਿ ਉਹ ਆਪਣਾ ਭਵਿੱਖ ਅਜਿਹੇ ਵੱਖਰੇ ਤਰੀਕੇ ਨਾਲ ਸਵਾਰ ਸਕਦੇ ਹਨ ਜਿਹੜਾ ਬੀਤੇ ਸਮਿਆਂ ਵਿਚ ਪੰਜਾਬ ਦੇ ਭਾਗੀਂ ਨਹੀਂ ਸੀ ਆਇਆ। ਇਸ ਬਦਲਾਉ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਵੀ ਨਵੀਆਂ ਸਿਆਸੀ ਪੇਚੀਦਗੀਆਂ ਪੇਸ਼ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਦੀ ਇਸ ਵੰਗਾਰ ਦਾ ਸਾਹਮਣਾ ਕਰਨ ਲਈ ਨਵੀਂ ਰਣਨੀਤੀ ਘੜਨੀ ਪੈਣੀ ਹੈ।
ਸਿਆਸਤ ਇਕ-ਦੂਸਰੇ ਨੂੰ ਕੱਟਣ ਦੀ ਖੇਡ ਹੈ। ਚੰਨੀ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ: ਸਿਆਸੀ, ਪ੍ਰਸ਼ਾਸਨਿਕ, ਵਿੱਤੀ, ਸਮਾਜਿਕ, ਸੱਭਿਆਚਾਰਕ। ਉਹਦੇ ਸਾਹਮਣੇ ਪੰਜਾਬ ਦੀ ਅਗਵਾਈ ਕਰਨ ਵਾਲਾ ਯੋਗ ਅਤੇ ਆਜ਼ਾਦ ਆਗੂ ਬਣਨ ਦੀ ਬਹੁਪਰਤੀ ਚੁਣੌਤੀ ਹੈ। ਪਾਰਟੀ ਅਤੇ ਪਾਰਟੀ ਤੋਂ ਬਾਹਰ ਦੇ ਸਿਆਸਤਦਾਨਾਂ ਨੇ ਉਸ ਦੇ ਹਰ ਕਦਮ ਨੂੰ ਵਾਚਣਾ ਅਤੇ ਲੋਕਾਂ ਨੇ ਉਸ ਦੀ ਕਾਰਗੁਜ਼ਾਰੀ ਨੂੰ ਘੋਖਣਾ ਹੈ; ਪਾਰਟੀ ਅੰਦਰਲੇ ਸਿਆਸਤਦਾਨਾਂ ਨੇ ਉਸ ਨੂੰ ਮਾਤ ਦੇਣ ਤੇ ਉਸ ’ਤੇ ਗ਼ਲਬਾ ਪਾਉਣ ਦੀ ਕੋਸ਼ਿਸ਼ ਕਰਨੀ ਅਤੇ ਪਾਰਟੀ ਹਾਈ ਕਮਾਨ ਨੇ ਹਾਵੀ ਹੋਣ ਦੇ ਯਤਨ ਕਰਨੇ ਹਨ। ਚੋਟੀ ’ਤੇ ਪਹੁੰਚਣ ਵਾਲੇ ਹੋਰ ਆਗੂਆਂ ਵਾਂਗ ਚੰਨੀ ਨੂੰ ਇਹ ਇਮਤਿਹਾਨ ਦੇਣੇ ਪੈਣੇ ਹਨ। ਇਨ੍ਹਾਂ ਇਮਤਿਹਾਨਾਂ ਵਿਚੋਂ ਸਫ਼ਲ ਹੁੰਦੇ ਸਿਆਸਤਦਾਨ ਹੀ ਇਤਿਹਾਸ ਸਿਰਜਦੇ ਹਨ।
ਆਪਣੇ ਸਿਆਸੀ ਵਿਰੋਧੀਆਂ ਦਾ ਮੁਕਾਬਲਾ ਕਰਨ ਦੇ ਨਾਲ ਨਾਲ ਉਸ ਸਾਹਮਣੇ ਮੁੱਖ ਚੁਣੌਤੀ ਪੰਜਾਬ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਹੈ। ਉਹ ਤਜਰਬੇਕਾਰ ਸਿਆਸਤਦਾਨ ਹੈ ਅਤੇ ਉਸ ਨੂੰ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖ-ਦੁਸ਼ਵਾਰੀਆਂ ਦਾ ਪਤਾ ਹੈ। ਪਤਾ ਹੋਣਾ ਇਕ ਵੱਖਰੀ ਗੱਲ ਹੈ ਪਰ ਇਨ੍ਹਾਂ ਸਮੱਸਿਆਵਾਂ ਦੇ ਪ੍ਰਸ਼ਾਸਨਿਕ, ਕਾਨੂੰਨੀ ਤੇ ਨੀਤੀਗਤ ਹੱਲ ਲੱਭਣੇ ਇਕ ਵੱਖਰੀ ਖੇਡ ਹੈ; ਇਹ ਖੇਡ ਬਹੁਤ ਜਟਿਲ ਹੈ, ਆਧੁਨਿਕ ਪ੍ਰਸ਼ਾਸਨ ਦੀ ਜਟਿਲਤਾ ਵਿਚ ਗ੍ਰਸੀ ਹੋਈ। ਇਸ ਪ੍ਰਸ਼ਾਸਨਿਕ ਜਟਿਲਤਾ ਵਿਚੋਂ ਲੋਕ-ਪੱਖੀ ਨੀਤੀਆਂ ਘੜਨੀਆਂ ਅਤੇ ਲੋਕ-ਪੱਖੀ ਫ਼ੈਸਲੇ ਕਰਨਾ ਹੀ ਕਿਸੇ ਆਗੂ ਦੀ ਪਛਾਣ ਬਣਦਾ ਹੈ। ਇਹ ਕੰਮ ਮੁਸ਼ਕਲ ਤਾਂ ਹੈ ਪਰ ਨਾਮੁਮਕਿਨ ਨਹੀਂ।
ਇਸ ਵੇਲੇ ਲੋਕਾਂ ਦੇ ਧਿਆਨ ਦਾ ਕੇਂਦਰ-ਬਿੰਦੂ ਕਿਸਾਨ ਅੰਦੋਲਨ ਹੈ; ਪੰਜਾਬ ਦਾ ਕਿਸਾਨ ਆਪਣੀ ਹੋਂਦ ਕਾਇਮ ਰੱਖਣ ਦੀ ਲੜਾਈ ਲੜ ਰਿਹਾ ਹੈ। ਪੰਜਾਬ ਵਿਚ ਹੋਏ ਸਿਆਸੀ ਬਦਲਾਉ ਦੇ ਬਾਵਜੂਦ ਕਿਸਾਨ ਅੰਦੋਲਨ ਨੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣੀ ਹੈ; ਕਿਸਾਨ ਆਗੂ ਭਾਵੇਂ ਚੋਣਾਂ ਲੜਨ ਜਾਂ ਨਾ ਲੜਨ ਪਰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣ ਸਮੇਂ ਸਿਆਸੀ ਪਾਰਟੀਆਂ ਤੇ ਆਗੂਆਂ ਦੀ ਕਿਸਾਨ ਅੰਦੋਲਨ ਪ੍ਰਤੀ ਪਹੁੰਚ ਦੀ ਡੂੰਘੀ ਤਰ੍ਹਾਂ ਨਾਲ ਨਿਰਖ-ਪਰਖ ਕਰਨੀ ਹੈ। ਚਰਨਜੀਤ ਸਿੰਘ ਚੰਨੀ ਨੇ ਕਿਸਾਨ ਅੰਦੋਲਨ ਦਾ ਪੂਰੀ ਤਰ੍ਹਾਂ ਨਾਲ ਸਾਥ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਆਪਣੇ ਐਲਾਨ ਵਿਚਲੀ ਸੁਹਿਰਦਤਾ ਨੂੰ ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਤਕ ਅਮਲੀ ਤੌਰ ’ਤੇ ਪਹੁੰਚਾਉਣ ਦੇ ਰਾਹ-ਰਸਤੇ ਤਲਾਸ਼ ਕਰਨੇ ਪੈਣੇ ਹਨ।
ਪੰਜਾਬ ਦੇ ਸਾਹਮਣੇ ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਉ, ਰਿਸ਼ਵਤਖੋਰੀ, ਕੁਝ ਖੇਤਰਾਂ ਵਿਚ ਮਾਫ਼ੀਆ ਦੀ ਚੜ੍ਹਤ, ਵਾਤਾਵਰਨਿਕ ਸਮੱਸਿਆਵਾਂ ਦੇ ਨਾਲ ਨਾਲ ਕਈ ਹੋਰ ਗੰਭੀਰ ਚੁਣੌਤੀਆਂ ਹਨ। ਵਿੱਦਿਆ ਅਤੇ ਸਿਹਤ ਦੇ ਖੇਤਰ ਵਿਸ਼ੇਸ਼ ਧਿਆਨ ਮੰਗਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਨੂੰ ਨਜਿੱਠਣ ਅਤੇ ਨਸ਼ਿਆਂ ਦੇ ਫੈਲਾਉ ਨੂੰ ਰੋਕਣ ਲਈ ਕਾਂਗਰਸ ਦੇ ਕੀਤੇ ਵਾਅਦਿਆਂ ਲਈ ਪੁਖ਼ਤਾ ਸਿਆਸੀ ਤੇ ਪ੍ਰਸ਼ਾਸਨਿਕ ਸੂਝ ਦੀ ਜ਼ਰੂਰਤ ਹੈ। ਇਹ ਵੱਡੇ ਮਸਲੇ ਇਕ ਦਿਨ ਵਿਚ ਹੱਲ ਨਹੀਂ ਹੋਣੇ ਪਰ ਚੰਨੀ ਕੋਲ ਇਨ੍ਹਾਂ ਨੂੰ ਹੱਲ ਕਰਨ ਵੱਲ ਕਦਮ ਚੁੱਕਣ ਦਾ ਇਤਿਹਾਸਕ ਮੌਕਾ ਹੈ। ਕਾਂਗਰਸ ਹਾਈ ਕਮਾਨ ਅਤੇ ਸੂਬਾਈ ਆਗੂਆਂ ਨੂੰ ਚੰਨੀ ਦੀ ਹਮਾਇਤ ਕਰਦਿਆਂ ਉਸ ਨੂੰ ਆਪਣੀ ਤੇ ਪਾਰਟੀ ਦੀ ਸ਼ਖ਼ਸੀਅਤ ਦੀ ਨਵੀਂ ਨੁਹਾਰ ਘੜਨ ਲਈ ਲੋਂੜੀਦੀ ਖ਼ੁਦਮੁਖ਼ਤਿਆਰੀ ਤੇ ਖੁੱਲ੍ਹ ਦੇਣੀ ਚਾਹੀਦੀ ਹੈ। ਕਾਂਗਰਸ ਸਾਹਮਣੇ ਇਸ ਫ਼ੈਸਲੇ ਦੇ ਵੱਡੇ ਪਸਾਰਾਂ ਨੂੰ ਪੰਜਾਬ ਅਤੇ ਹੋਰ ਸੂਬਿਆਂ ਦੇ ਲੋਕਾਂ ਤਕ ਪਹੁੰਚਾਉਣ ਦੀ ਵੱਡੀ ਚੁਣੌਤੀ ਵੀ ਹੈ।
– ਸਵਰਾਜਬੀਰ