ਨਵੀਂ ਦਿੱਲੀ, 31 ਜੁਲਾਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਆਈਐੱਸ ਗਤੀਵਿਧੀਆਂ ਨਾਲ ਸਬੰਧਤ ਕੇਸ ਸਬੰਧੀ ਮੁਲਜ਼ਮਾਂ ਦੀ ਭਾਲ ਲਈ ਛੇ ਸੂਬਿਆਂ ਵਿੱਚ 13 ਥਾਈਂ ਛਾਪੇ ਮਾਰੇ। ਐਨਆਈਏ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਰਾਏਸਨ, ਗੁਜਰਾਤ ਦੇ ਭਰੁੱਚ, ਸੂਰਤ, ਨਵਸਾਰੀ ਅਤੇ ਅਹਿਮਦਾਬਾਦ, ਬਿਹਾਰ ਦੇ ਅਰਾਰੀਆ ਜ਼ਿਲ੍ਹੇ, ਕਰਨਾਟਕ ਦੇ ਭਟਕਲ ਅਤੇ ਟੁਮਕਰ ਸ਼ਹਿਰ, ਮਹਾਰਾਸ਼ਟਰ ਦੇ ਕੋਲਹਾਪੁਰ ਅਤੇ ਨਾਂਦੇੜ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ ਦੇਵਬੰਦ ਜ਼ਿਲ੍ਹੇ ਵਿੱਚ ਛਾਪੇ ਮਾਰੇ। ਐੱਨਆਈਏ ਵੱਲੋਂ 25 ਜੂਨ ਨੂੰ ਆਈਪੀਸੀ ਦੀ ਧਾਰਾ 153ਏ ਅਤੇ 153ਬੀ ਅਤੇ ਯੂਏ (ਪੀ) ਐਕਟ ਦੀਆਂ ਧਾਰਾਵਾਂ 18, 18ਬੀ, 38, 39 ਅਤੇ 40 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ, ‘‘ਅੱਜ ਸ਼ੱਕੀ ਦਸਤਾਵੇਜ਼ ਤੇ ਹੋਰ ਸਮੱਗਰੀ ਜ਼ਬਤ ਕਰਨ ਲਈ ਛਾਪੇ ਮਾਰੇ ਗਏ।’’ -ਆਈਏਐੱਨਐੱਸ