ਆਤਿਸ਼ ਗੁਪਤਾ
ਚੰਡੀਗੜ੍ਹ, 15 ਜਨਵਰੀ
ਚੰਡੀਗੜ੍ਹ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਤੋਂ ਬਾਅਦ ਸ਼ਹਿਰ ਵਿੱਚ ਠੰਢ ਵਧ ਗਈ ਹੈ। ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਨੇ ਅਗਲੇ 2 ਦਿਨ ਬੱਦਲਵਾਈ ਅਤੇ 19 ਜਨਵਰੀ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਭਾਰੀ ਧੁੰਦ ਅਤੇ ਠੰਢੀਆਂ ਹਵਾਵਾਂ ਕਰਕੇ ਠੰਢ ਵਧਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 13.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 7 ਡਿਗਰੀ ਸੈਲਸੀਅਸ ਘੱਟ ਸੀ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਜ਼ਿਆਦਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਲੰਘੀ ਰਾਤ ਤੋਂ ਪੈ ਰਹੀ ਸੰਘਣੀ ਧੁੰਦ ਕਰਕੇ ਵੀ ਲੋਕ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਸਮੇਂ ਨਿਕਲੀ ਮੱਧਮ ਧੁੱਪ ਕਰਕੇ ਲੋਕਾਂ ਨੇ ਠੰਢ ਤੋਂ ਥੋੜ੍ਹੀ-ਬਹੁਤ ਰਾਹਤ ਮਹਿਸੂਸ ਕੀਤੀ ਹੈ ਪਰ ਬਾਅਦ ਦੁਪਹਿਰ ਮੁੜ ਠੰਢ ਵਧ ਗਈ। ਇਹ ਹੀ ਹਾਲ ਚੰਡੀਗੜ੍ਹ ਦੇ ਨਾਲ ਲਗਦੇ ਸ਼ਹਿਰ ਮੁਹਾਲੀ ਅਤੇ ਪੰਚਕੂਲਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਠੰਢ ਕਰਕੇ ਲੋਕ ਘਰ ਵਿੱਚ ਬੈਠਣ ਲਈ ਮਜਬੂਰ ਹਨ।
ਦੂਜੇ ਪਾਸੇ ਨਿੱਤ ਕਮਾਈ ਕਰਕੇ ਖਾਣ ਵਾਲੇ ਲੋਕਾਂ ਨੂੰ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ। ਇਨ੍ਹਾਂ ਨੂੰ ਕੜਾਕੇ ਦੀ ਠੰਢ ਵਿੱਚ ਜ਼ਿੰਦਗੀ ਬਸਰ ਕਰਨ ਲਈ ਘਰਾਂ ਵਿੱਚੋਂ ਮਿਹਨਤ-ਮਜ਼ਦੂਰੀ ਲਈ ਨਿਕਲਣਾ ਪੈ ਰਿਹਾ ਹੈ। ਉੱਧਰ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਦੀ ਚਿਤਾਵਨੀ ਦਿੱਤੀ ਗਈ ਹੈ। ਉੱਥੇ ਹੀ 2 ਦਿਨ ਬਦਲਵਾਈ ਅਤੇ 19 ਜਨਵਰੀ ਨੂੰ ਸਾਰਾ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।