ਪਾਲ ਸਿੰਘ ਨੌਲੀ
ਜਲੰਧਰ, 18 ਦਸੰਬਰ
ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਸੁਲਤਾਨਪੁਰ ਲੋਧੀ ਵਿੱਚ ਪਵਿੱਤਰ ਕਾਲੀ ਵੇਈਂ ਕੰਢੇ ਪਹਿਲੀ ਅੰਤਰਰਾਸ਼ਟਰੀ ਰਬਾਬੀ ਭਾਈ ਮਰਦਾਨਾ ਜੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦੀ ਸ਼ੁਰੂਆਤ ਵੇਈਂ ਕਿਨਾਰੇ ਰਬਾਬ ਨਾਲ ਕੀਰਤਨ ਕਰ ਕੇ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਨਫਰੰਸ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਰਬਾਬ ਦੀ ਇਸ ਅਲੌਕਿਕ ਧੁਨ ਨੇ ਪੁਰਾਤਨ ਰਵਾਇਤ ਯਾਦ ਕਰਵਾ ਦਿੱਤੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਰਬਾਬ ਤੇ ਰਬਾਬੀਆਂ ਦੀ ਬਿਹਤਰੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਰਬਾਬੀ ਭਾਈ ਮਰਦਾਨਾ ਜੀ ਫਾਊਂਡੇਸ਼ਨ ਦੇ ਪ੍ਰਧਾਨ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਦੀ ਕੁਲ ’ਚੋਂ 10ਵੀਂ ਪੀੜ੍ਹੀ ਪ੍ਰੋਫੈਸਰ ਨਿਰਮਲ ਸਿੰਘ ਸਮੇਤ ਬਜ਼ੁਰਗ ਦੌੜਾਕ ਫੌਜਾ ਸਿੰਘ ਆਦਿ ਸ਼ਖਸੀਅਤਾਂ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈਆਂ। ਇਸ ਮੌਕੇ ਜੰਮੂ ਦੇ ਪਿੰਡ ਸ਼ੇਰ ਮੰਜ਼ਲਾ ’ਚੋਂ ਗਿਆਨ ਚੰਦ ਦੀ ਅਗਵਾਈ ਹੇਠ ਆਏ ਰਬਾਬੀਆਂ ਨੇ ਚਾਰ-ਤਾਰਾ ਰਬਾਬ ਵਜਾ ਕੇ ਸਭ ਨੂੰ ਕੀਲ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਸ਼ੇਰ ਮੰਜ਼ਲਾ ਪਿੰਡ ਵਿਚ ਆਏ ਸਨ ਤੇ ਉਦੋਂ ਤੋਂ ਹੀ ਸਾਰਾ ਪਿੰਡ ਰਬਾਬ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਨਿਰਮਲ ਕੁਟੀਆ ਪਵਿੱਤਰ ਵੇਈਂ ਵੱਲੋਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਜੋਸਨ ਨੇ ਕਿਹਾ ਕਿ ਫਾਊਂਡੇਸ਼ਨ ਨੇ ਰਬਾਬੀ ਇਨਕਲਾਬ ਦਾ ਇੱਕ ਸੁਫ਼ਨਾ ਦੇਖਿਆ ਹੈ, ਜਿਸ ਦਾ ਇਹ ਸ਼ੁਰੂਆਤੀ ਦੌਰ ਹੈ। ਫਰੀਦਕੋਟ ਤੋਂ ਐੱਮਪੀ ਅਤੇ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਵੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਬੀਬੀ ਅਨੁਰਾਧਾ ਭਾਰਗਵ, ਡਾ. ਆਸਾ ਸਿੰਘ ਘੁੰਮਣ, ਡਾ. ਪਰਮਜੀਤ ਸਿੰਘ ਮਾਨਸਾ, ਹਰਪ੍ਰੀਤ ਸਿੰਘ ਨਾਜ਼, ਡਾ. ਗੁਰਮੇਲ ਸਿੰਘ, ਡਾ. ਕਮਲਜੀਤ ਕੌਰ, ਆਸਟਰੇਲੀਆ ਤੋਂ ਨਿਸ਼ਾਨ ਸਿੰਘ, ਸਤਿੰਦਰ ਸਿੰਘ ਕੈਨੇਡਾ ਵੀ ਸ਼ਾਮਲ ਹੋਏ।