ਪੱਤਰ ਪ੍ਰੇਰਕ
ਪਠਾਨਕੋਟ, 19 ਅਕਤੂਬਰ
ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਈ ਕਰੱਸ਼ਰ ਇੰਡਸਟਰੀ ਦੇ ਉਦਮੀਆਂ ਵੱਲੋਂ ਪੰਜਾਬ ਸਟੋਨ ਕਰੱਸ਼ਰ ਯੂਨੀਅਨ ਦੇ ਪ੍ਰਧਾਨ ਵਿਜੈ ਪਾਸੀ ਦੀ ਅਗਵਾਈ ਵਿੱਚ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਜਾ ਰਿਹਾ ਸੀ, ਜੋ ਅੱਜ ਸਰਕਾਰ ਵੱਲੋਂ ਕਰੱਸ਼ਰ ਇੰਡਸਟਰੀ ਦੁਬਾਰਾ ਸ਼ੁਰੂ ਕਰਨ ਦੀ ਬਣੀ ਸਹਿਮਤੀ ਨਾਲ ਚੁੱਕ ਲਿਆ ਗਿਆ। ਪ੍ਰਧਾਨ ਵਿਜੈ ਪਾਸੀ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਬੰਦ ਪਈ ਕਰੱਸ਼ਰ ਇੰਡਸਟਰੀ ਦੇ ਚਲਦੇ ਸੈਂਕੜੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਅਤੇ ਬੰਦ ਪਈ ਕਰੱਸ਼ਰ ਇੰਡਸਟਰੀ ਕਾਰਨ ਲਗਾਤਾਰ ਰੇਤ-ਬੱਜਰੀ ਦੇ ਭਾਅ ਅਸਮਾਨ ਛੂਹ ਰਹੇ ਹਨ। ਧਰਨੇ ’ਤੇ ਬੈਠੇ ਕਰੱਸ਼ਰ ਇੰਡਸਟਰੀ ਦੇ ਮਾਲਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਹੋਈ ਮੀਟਿੰਗ ਬਾਅਦ ਇਥੇ ਇੰਡਸਟਰੀ ਨਾਲ ਜੁੜੇ ਲੋਕਾਂ ਦੀਆਂ 25 ਫ਼ੀਸਦ ਮੰਗਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਹਿਮਤੀ ਜਤਾਈ ਗਈ। ਇਸ ਦੇ ਬਾਅਦ ਇੰਡਸਟਰੀ ਦੇ ਦੀਵਾਲੀ ਤੱਕ ਦੁਬਾਰਾ ਸ਼ੁਰੂ ਹੋਣ ’ਤੇ ਇੰਡਸਟਰੀ ਮਾਲਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਸੰਜੇ ਆਨੰਦ, ਵਿਪਨ ਗੁਪਤਾ, ਜੇਐੱਸ ਗਰੋਵਰ, ਸੁਰਿੰਦਰ ਪੱਪੂ, ਸੁਰਿੰਦਰ ਬਜਾਜ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।