ਮਨੋਜ ਸ਼ਰਮਾ
ਬਠਿੰਡਾ, 15 ਜਨਵਰੀ
ਇੱਥੋਂ ਦੇ ਇੱਕ 24 ਸਾਲਾ ਨੌਜਵਾਨ ਨੇ ਬਠਿੰਡਾ ਤੋਂ ਕੰਨਿਆਕੁਮਾਰੀ ਤੱਕ ਪੈਦਲ ਚੱਲ ਕੇ 3200 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ ਹੈ। ਬਠਿੰਡਾ ਦੇ ਪਰਸਰਾਮ ਨਗਰ ਦੇ ਵਸਨੀਕ ਦੀਪਕ ਸਿੰਘ ਨੇ ਸਤੰਬਰ 2021 ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਅੱਠ ਰਾਜਾਂ ਵਿੱਚੋਂ ਲੰਘ ਕੇ ਅਤੇ 3200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਤੋਂ ਬਾਅਦ ਜਨਵਰੀ 2022 ਵਿੱਚ ਕੰਨਿਆਕੁਮਾਰੀ ਪਹੁੰਚਿਆ। ਪੈਦਲ ਆਪਣੀ ਯਾਤਰਾ ਪੂਰੀ ਕਰਨ ਵਿੱਚ ਉਸਨੂੰ 116 ਦਿਨ ਲੱਗੇ।
ਦੀਪਕ ਨੇ ਕਿਹਾ, “ਕੋਵਿਡ-19 ਮਗਰੋਂ ਲੋਕਾਂ ਦੀ ਜ਼ਿੰਦਗੀ ਉਨ੍ਹਾਂ ਦੇ ਘਰਾਂ ਤੱਕ ਸੀਮਤ ਹੋ ਗਈ ਸੀ, ਜਿਸ ਕਾਰਨ ਸਿਹਤ ਸਮੱਸਿਆਵਾਂ ਵਧੀਆਂ ਸਨ, ਮੈਂ ਸਰੀਰਕ ਤੰਦਰੁਸਤੀ ਅਤੇ ਸਿਹਤ ਦੇ ਮਹੱਤਵ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇਹ ਯਾਤਰਾ ਕੀਤੀ।’’ ਉਨ੍ਹਾਂ ਕਿਹਾ ਕਿ “ਕਰੋਨਾ ਮਹਾਮਾਰੀ ਮਗਰੋਂ ਬਹੁਤੇ ਲੋਕਾਂ ਨੇ ਘਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਿਹਤ ਪ੍ਰਤੀ ਜਾਗਰੂਕ ਲੋਕਾਂ ਨੂੰ ਛੱਡ ਕੇ, ਆਪਣੇ ਘਰਾਂ ਵਿੱਚ ਆਰਾਮਦਾਇਕ ਰਹਿਣ ਦੇ ਆਦੀ ਹੋ ਗਏ ਸਨ। ਇਸ ਕਾਰਨ ਉਨ੍ਹਾਂ ਵਿੱਚ ਬਿਮਾਰੀਆਂ ਬੀ.ਪੀ., ਸ਼ੂਗਰ, ਕੋਲੈਸਟ੍ਰੋਲ ਪੱਧਰ ਵਿੱਚ ਵਾਧਾ, ਮਾਨਸਿਕ ਤਣਾਅ, ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦੇ ਮਰੀਜ਼ ਸਾਹਮਣੇ ਆਉਣ ਲੱਗੇ ਸਨ। ਇਸ ਲਈ ਮੈਂ ਸੋਚਿਆ ਕਿ ਇਹ ਅਸਲ ਵਿੱਚ ਮਹੱਤਵਪੂਰਨ ਹੈ ਕਿ ਲੋਕ ਕੋਵਿਡ ਦੇ ਸਮੇਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣਾ ਸਿੱਖਣ। ਦੇਸ਼ ਦੇ ਲੋਕਾਂ ਵਿੱਚ ਸਰੀਰਕ ਤੰਦਰੁਸਤੀ ਦੀ ਮਹੱਤਤਾ ਬਿਮਾਰੀਆਂ ਨੂੰ ਕਿਵੇਂ ਦੂਰ ਰੱਖ ਸਕਦਾ ਹੈ ਇਹ ਮੇਰੀ ਯਾਤਰਾ ਦਾ ਮੁੱਖ ਮਕਸਦ ਰਿਹਾ ਹੈ।’’
ਦੀਪਕ ਨੇ ਕਿਹਾ ਕਿ ਉਹ ਰੋਜ਼ਾਨਾ ਲਗਪਗ 35-40 ਕਿਲੋਮੀਟਰ ਸਫ਼ਰ ਤੈਅ ਕਰਦਾ ਸੀ। ਰਸਤੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕਈ ਰਾਜਾਂ ਵਿੱਚ ਲੋਕ ਏਨੇ ਖੁੱਲ੍ਹੇ ਦਿਲ ਵਾਲੇ ਅਤੇ ਮਦਦ ਕਰਦੇ ਸਨ, ਜਿਨ੍ਹਾਂ ਨੇ ਇਸ ਯਾਤਰਾ ਨੂੰ ਆਸਾਨ ਬਣਾ ਦਿੱਤਾ।