ਮੁਕੇਸ਼ ਕੁਮਾਰ
ਚੰਡੀਗੜ੍ਹ, 8 ਜੁਲਾਈ
ਪਿੰਡ ਦੜੂਆ ਵਾਸੀ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਪਿੰਡ ਵਿੱਚ ਪਾਣੀ ਦੀ ਕਿੱਲਤ ਖ਼ਿਲਾਫ਼ ਅੱਜ ਪਿੰਡ ਵਾਸੀਆਂ ਨੇ ਚੰਡੀਗੜ੍ਹ ਨਗਰ ਨਿਗਮ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇੱਕ ਦੂਜੇ ‘ਤੇ ਪਾਈ ਜਾ ਰਹੀ ਜਵਾਬਦੇਹੀ ਕਾਰਨ ਪਿੰਡ ਵਿੱਚ ਪਾਣੀ ਦੀ ਸਪਲਾਈ ਲਈ ਲਾਏ ਗਏ ਟਿਊਬਵੈੱਲ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ ਜਿਸ ਕਾਰਨ ਪਿੰਡ ਵਾਸੀਆਂ ਨੂੰ ਪੀਣ ਯੋਗ ਪਾਣੀ ਨਹੀਂ ਮਿਲ ਰਿਹਾ। ਖਰਾਬ ਟਿਊਬਵੈੱਲ ਵਿੱਚੋਂ ਪਿਛਲੇ ਇੱਕ ਹਫ਼ਤੇ ਤੋਂ ਗੰਧਲਾ ਪਾਣੀ ਆ ਰਿਹਾ ਹੈ। ਪਿੰਡ ਵਾਲਿਆਂ ਵੱਲੋਂ ਕੀਤੇ ਗਏ ਮੁਜ਼ਾਹਰੇ ਦੌਰਾਨ ਪੁੱਜੇ ਚੰਡੀਗੜ੍ਹ ਕਾਂਗਰਸ ਦੇ ਆਗੂ ਸ਼ਸ਼ੀ ਸ਼ੰਕਰ ਤਿਵਾੜੀ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਲਗਾਏ ਗਏ ਟਿਊਬਵੈੱਲ ਨੰਬਰ 81 ਤੋਂ ਪਾਣੀ ਦੀ ਸਪਲਾਈ ਪੀਣ ਯੋਗ ਨਹੀਂ ਆ ਰਹੀ। ਸ੍ਰੀ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਮੌਕੇ ‘ਤੇ ਹੀ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸਡੀਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਟਿਊਬਵੈੱਲ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉੱਧਰ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਟਿਊਬਵੈੱਲ ਕੇਵਲ ਖੇਤਾਂ ਵਿੱਚ ਪਾਣੀ ਦੀ ਸਪਲਾਈ ਲਈ ਚਲਾਇਆ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਪੈਸਿਆਂ ਨਾਲ ਪਾਣੀ ਦੇ ਟੈਂਕਰ ਮੰਗਵਾ ਕੇ ਗੁਜ਼ਾਰਾ ਕਰ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਛੇਤੀ ਹੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੈਕਟਰ 17 ਸਥਿਤ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਜੈ ਪਾਂਡੇ, ਵਿਨੈ ਸਿੰਘ, ਯੁਵਾ ਕਾਂਗਰਸ ਨੇਤਾ ਪ੍ਰਦੀਪ ਕੁਮਾਰ, ਵਕੀਲ ਖਾਨ, ਯੁਵਾ ਕਾਂਗਰਸ ਮੀਤ ਪ੍ਰਧਾਨ ਪ੍ਰੀਤੀ ਦੇਵੀ, ਐੱਨ ਪੀ ਯਾਦਵ ਤੇ ਪਿੰਡ ਵਾਸੀ ਹਾਜ਼ਰ ਸਨ।