ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਮੋਦੀ ਹਕੂਮਤ ਵੱਲੋਂ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਕਿਸਾਨ ਆਗੂਆਂ ਨੇ ਕਾਰਪੋਰੇਟਰਾਂ ਦੀ ਹਾਰ ਅਤੇ ਭਾਈ ਲਾਲੋਆਂ ਦੀ ਜਿੱਤ ਕਰਾਰ ਦਿੱਤਾ ਹੈ। ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪੱਕੇ ਮੋਰਚੇ ਉੱਪਰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਕੁਲਜੀਤ ਕੌਰ ਗਰੇਵਾਲ ਨੇ ਮੋਦੀ ਹਕੂਮਤ ਵੱਲੋਂ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਕਿਰਤੀਆਂ ਅਤੇ ਕਿਸਾਨਾਂ ਦੀ ਜਿੱਤ ਦੱਸਿਆ ਅਤੇ ਖ਼ੁਸ਼ੀ ਵਿਚ ਲੱਡੂ ਵੀ ਵੰਡੇ। ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਲੱਡੂਆਂ ਦੀ ਵਧੀ ਮੰਗ ਕਾਰਨ ਬਜ਼ਾਰਾਂ ਵਿਚ ਲੱਡੂਆਂ ਦੀ ਤੋਟ ਆ ਗਈ। ਜਨਵਾਦੀ ਇਸਤਰੀ ਸਭਾ ਦੀ ਆਗੂ ਪਰਮਜੀਤ ਕੌਰ, ਅਮਨਦੀਪ ਕੌਰ, ਰਾਜਿੰਦਰ ਕੌਰ, ਸੁਖਵਿੰਦਰ ਕੌਰ, ਜਰਨੈਲ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਸ਼ਹਿਜਾਦ, ਅਮਰੀਕ ਸਿੰਘ ਜੜਤੌਲੀ, ਸੀਟੂ ਆਗੂ ਦਲਜੀਤ ਕੁਮਾਰ ਗੋਰਾ, ਸਕੂਲੀ ਵਿਦਿਆਰਥਣ ਸੁਰੀਤ ਕੌਰ ਅਤੇ ਜੋਬਨਦੀਪ ਸਿੰਘ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਹੈ ਅਤੇ ਭਾਈ ਲਾਲੋਆਂ ਦੇ ਵਾਰਸਾਂ ਦੀ ਸ਼ਾਨਦਾਰ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਜਿੱਤ ਤੱਕ ਲੜਾਈ ਜਾਰੀ ਰੱਖਣ ਦਾ ਅਹਿਦ ਕੀਤਾ। ਖ਼ੁਸ਼ਕ ਬੰਦਰਗਾਹ ਦੇ ਮੋਰਚੇ ਸਮੇਤ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਟੌਲ ਪਲਾਜ਼ਾ ਉੱਪਰ ਵੀ ਕਿਸਾਨਾਂ ਨੇ ਲੱਡੂ ਵੰਡੇ ਅਤੇ ਸੁਧਾਰ ਬਜ਼ਾਰ ਵਿਚ ਦੁਕਾਨਦਾਰਾਂ ਨੇ ਵੀ ਕਿਸਾਨਾਂ ਦੀ ਜਿੱਤ ਉੱਪਰ ਖ਼ੁਸ਼ੀ ਜਤਾਈ।