ਨਵੀਂ ਦਿੱਲੀ, 24 ਅਕਤੂਬਰ
ਹੁਸ਼ਿਆਰਪੁਰ ’ਚ ਛੇ ਸਾਲ ਦੀ ਬੱਚੀ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਤੇ ਸਿਆਸਤ ਭਖ ਗਈ ਹੈ। ਭਾਜਪਾ ਨੇ ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਮਹਿਲਾਵਾਂ ਖਿਲਾਫ਼ ਵਧੀਕੀਆਂ ਦੇ ‘ਚੋਣਵੇਂ ਕੇਸਾਂ’ ’ਚ ਹੀ ਆਪਣਾ ਗੁੱਸਾ ਦਿਖਾਉਂਦੇ ਹਨ ਜਦਕਿ ਪੰਜਾਬ ’ਚ ਬੱਚੀ ਨਾਲ ਹੋਈ ਘਿਨਾਉਣੀ ਹਰਕਤ ’ਤੇ ਉਹ ਖਾਮੋਸ਼ ਹਨ। ਕੇਂਦਰੀ ਵਿੱਤ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਨਿਰਮਲਾ ਸੀਤਾਰਾਮਨ ਨੇ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਨੂੰ ਵੀ ਲਪੇਟੇ ’ਚ ਲੈਂਦਿਆਂ ਸਵਾਲ ਦਾਗ਼ਿਆ ਕਿ ਕੀ ਬਿਹਾਰ ’ਚ ਸਾਂਝੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਕੋਲ ਪੰਜਾਬ ’ਚ ਬੱਚੀ ਨਾਲ ਹੋਏ ਜਬਰ-ਜਨਾਹ ਦਾ ਮੁੱਦਾ ਉਠਾਇਆ ਸੀ। ਉਨ੍ਹਾਂ 2008 ਦੀ ਉਸ ਰਿਪੋਰਟ ਦਾ ਹਵਾਲਾ ਵੀ ਦਿੱਤਾ ਜਿਸ ’ਚ ਤੇਜਵਸੀ ਅਤੇ ਉਸ ਦੇ ਭਰਾ ਤੇਜ ਪ੍ਰਤਾਪ ਖਿਲਾਫ਼ ਔਰਤਾਂ ਨਾਲ ਛੇੜਖਾਨੀ ਅਤੇ ਦੁਰਵਿਹਾਰ ਦੇ ਦੋਸ਼ ਲੱਗੇ ਸਨ। ਸੀਤਾਰਾਮਨ ਨੇ ਕਿਹਾ,‘‘ਹੋ ਸਕਦਾ ਹੈ ਪੰਜਾਬ ਦੀ ਘਟਨਾ ਆਰਜੇਡੀ ਨੂੰ ਠੇਸ ਨਾ ਪਹੁੰਚਾਵੇ ਕਿਉਂਕਿ ਉਹ ਜਦੋਂ ਬਿਹਾਰ ’ਚ ਸੱਤਾ ’ਚ ਸਨ ਤਾਂ ਸੂਬੇ ’ਚ ਇਹੋ ਜਿਹੇ ਹਾਲਾਤ ਸਨ।’’ ਕਾਂਗਰਸ ’ਤੇ ਵਰ੍ਹਦਿਆਂ ਵਿੱਤ ਮੰਤਰੀ ਨੇ ਕਿਹਾ,‘‘ਟਵੀਟ ਰਾਹੀਂ ਮੁੱਦੇ ਉਠਾਉਣ ਵਾਲੇ ਰਾਹੁਲ ਗਾਂਧੀ ਨੇ ਅਜੇ ਤੱਕ ਹੁਸ਼ਿਆਰਪੁਰ ਕਾਂਡ ਬਾਰੇ ਇਕ ਵੀ ਟਵੀਟ ਨਹੀਂ ਕੀਤਾ ਹੈ। ਉਨ੍ਹਾਂ ਕੋਈ ਗੁੱਸਾ ਵੀ ਨਹੀਂ ਦਿਖਾਇਆ ਹੈ ਅਤੇ ਨਾ ਹੀ ਉਹ ‘ਪਿਕਨਿਕ’ ਲਈ ਉਥੇ ਗਏ ਹਨ।’’ ‘ਪਿਕਨਿਕ’ ਤੋਂ ਉਨ੍ਹਾਂ ਦਾ ਭਾਵ ਰਾਹੁਲ ਗਾਂਧੀ ਅਤੇ ਉਸ ਦੀ ਭੈਣ ਪ੍ਰਿਯੰਕਾ ਗਾਂਧੀ ਦੇ ਹਾਥਰਸ (ਯੂਪੀ) ਦੌਰੇ ਤੋਂ ਸੀ ਜਿਥੇ ਦਲਿਤ ਲੜਕੀ ਦੀ ਸਮੂਹਿਕ ਜਬਰ-ਜਨਾਹ ਮਗਰੋਂ ਹੱਤਿਆ ਤੋਂ ਬਾਅਦ ਉਹ ਉਥੇ ਪਹੁੰਚ ਗਏ ਸਨ। ਭਾਜਪਾ ਨੇ ਦੋਵੇਂ ਆਗੂਆਂ ’ਤੇ ‘ਸਿਆਸੀ ਸੈਰ-ਸਪਾਟੇ’ ਦਾ ਦੋਸ਼ ਲਾਇਆ ਸੀ। ਸੀਤਾਰਾਮਨ ਨੇ ਕਿਹਾ ਕਿ ਦੋਵੇਂ ਭੈਣ-ਭਰਾ ਹੁਣ ਹੁਸ਼ਿਆਰਪੁਰ ਅਤੇ ਰਾਜਸਥਾਨ ਕਿਉਂ ਨਹੀਂ ਜਾਂਦੇ? ‘ਦੂਜੇ ਸੂਬਿਆਂ ’ਚ ਜਿਥੇ ਕਾਂਗਰਸ ਦੀਆਂ ਸਰਕਾਰਾਂ ਨਹੀਂ ਹਨ, ਉਥੇ ਜਾਣ ਨਾਲ ਪਾਰਟੀ ਦਾ ਚਿਹਰਾ ਨੰਗਾ ਹੋ ਗਿਆ ਹੈ।’
ਇਕ ਹੋਰ ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਨੇ ਵੀ ਦੋਵੇਂ ਕਾਂਗਰਸ ਆਗੂਆਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਂਗਰਸ ਜਿਹੜੇ ਸੂਬਿਆਂ ’ਚ ਸੱਤਾ ’ਚ ਹੈ, ਉਥੇ ਗਾਂਧੀ ਪਰਿਵਾਰ ਨੂੰ ਔਰਤਾਂ ਖਿਲਾਫ਼ ਵਧੀਕੀਆਂ ਨਜ਼ਰ ਨਹੀਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਰਾਹੁਲ ਅਤੇ ਪ੍ਰਿਯੰਕਾ ਸਿਰਫ਼ ਤਸਵੀਰਾਂ ਖਿਚਵਾਉਣ ਅਤੇ ਸੁਰਖੀਆਂ ’ਚ ਬਣੇ ਰਹਿਣ ਲਈ ਅਜਿਹੀਆਂ ਥਾਵਾਂ ’ਤੇ ਜਾਂਦੇ ਹਨ। -ਪੀਟੀਆਈ
ਸਿਆਸੀ ਸ਼ੋਸ਼ੇਬਾਜ਼ੀ ਕਰ ਰਹੀ ਹੈ ਭਾਜਪਾ: ਅਮਰਿੰਦਰ
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂਆਂ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵਾਪਰੇ ਜਬਰ-ਜਨਾਹ ਤੇ ਕਤਲ ਦੇ ਮਾਮਲੇ ’ਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ’ਤੇ ਕੀਤੇ ਗਏ ਹਮਲੇ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਸਿਆਸੀ ਸ਼ੋਸ਼ੇਬਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਅਤੇ ਹਾਥਰਸ ਦੀਆਂ ਘਟਨਾਵਾਂ ਦਰਮਿਆਨ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਹ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ ਕਿ ਅਦਾਲਤ ਵੱਲੋਂ ਫਾਸਟ ਟਰੈਕ ਦੇ ਆਧਾਰ ਉਤੇ ਕੇਸ ਦੀ ਸੁਣਵਾਈ ਕੀਤੀ ਜਾਵੇ ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਅਤੇ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹਾਥਰਸ ਘਟਨਾ ’ਚ ਭਾਜਪਾ ਸਰਕਾਰ ਨੇ ਇਸ ਗੰਭੀਰ ਮਾਮਲੇ ਉਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉੱਚੀ ਜਾਤ ਨਾਲ ਜੁੜੇ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਕਾਂਡ ਦੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਇਕ ਹਫ਼ਤੇ ਵਿੱਚ ਚਲਾਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਦਲਿਤਾਂ ਅਤੇ ਅਨੁਸੂਚਿਤ ਜਾਤੀਆਂ ਵਿਰੁੱਧ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਪੀੜਤਾਂ ਦੀ ਬਾਂਹ ਵੀ ਕੋਈ ਨਹੀਂ ਫੜ ਰਿਹਾ ਹੈ।
ਰਾਵਤ ਨੇ ਰਣਇੰਦਰ ਨੂੰ ਈਡੀ ਦੇ ਸੰਮਨਾਂ ਦੇ ਮੌਕੇ ’ਤੇ ਸਵਾਲ ਚੁੱਕੇ
ਚੰਡੀਗੜ੍ਹ: ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਤਲਬ ਕਰਨ ਦੇ ਸਮੇਂ ਸਬੰਧੀ ਸਵਾਲ ਕੀਤੇ ਹਨ। ਊਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਾਵਤ ਨੇ ਟਵੀਟ ਕੀਤਾ, ‘‘ਈਡੀ ਦੇ ਸੰਮਨ ਅਮਰਿੰਦਰ ਸਿੰਘ ਦੀ ਆਵਾਜ਼ ਨਹੀਂ ਦਬਾ ਸਕਦੇ। ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਹਨ। ਈਡੀ ਦੇ ਸੰਮਨਾਂ ਦਾ ਸਮਾਂ ਦੇਖੋ। ਜੇਕਰ ਤੁਸੀਂ ਆਵਾਜ਼ ਚੁੱਕਦੇ ਹੋ, ਤਾਂ ਈਡੀ, ਆਮਦਨ ਕਰ, ਸੀਬੀਆਈ ਤੁਹਾਡੇ ਪਿੱਛੇ ਪੈ ਜਾਵੇਗੀ। ਕੀ ਇਹੀ ਸੁਨੇਹਾ ਨਹੀਂ ਦਿੱਤਾ ਜਾ ਰਿਹਾ?’’ -ਪੀਟੀਆਈ
ਨਿਆਂ ਲਈ ਹਰ ਥਾਂ ਜਾਵਾਂਗਾ: ਰਾਹੁਲ
ਨਵੀਂ ਦਿੱਲੀ: ਪੰਜਾਬ ਤੇ ਰਾਜਸਥਾਨ ਵਿਚ ਵਾਪਰੀਆਂ ਜਬਰ-ਜਨਾਹ ਦੀਆਂ ਘਟਨਾਵਾਂ ਦੇ ਮੁੱਦੇ ’ਤੇ ਭਾਜਪਾ ਆਗੂਆਂ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਅੱਜ ਉਨ੍ਹਾਂ ਕਿਹਾ ਕਿ ਜੇ ਪੀੜਤਾਂ ਨੂੰ ਇਨਸਾਫ਼ ਮਿਲਣ ਦੇ ਰਾਹ ’ਚ ਕੋਈ ਅੜਿੱਕਾ ਪਿਆ ਤਾਂ ਉਹ ਉੱਥੇ ਵੀ ਜ਼ਰੂਰ ਜਾਣਗੇ। ਦੱਸਣਯੋਗ ਹੈ ਕਿ ਦੋਵਾਂ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਹੈ ਤੇ ਭਾਜਪਾ ਨੇ ਇਨ੍ਹਾਂ ਰਾਜਾਂ ਦਾ ਦੌਰਾ ਨਾ ਕਰਨ ਲਈ ਰਾਹੁਲ ’ਤੇ ਨਿਸ਼ਾਨਾ ਸੇਧਿਆ ਸੀ। ਉਨ੍ਹਾਂ ਕਿਹਾ ਸੀ ਕਿ ਰਾਹੁਲ ਹਾਥਰਸ (ਯੂਪੀ) ਗਏ ਪਰ ਕਾਂਗਰਸ ਦੀ ਸੱਤਾ ਵਾਲੇ ਸੂਬਿਆਂ ਵਿਚ ਨਹੀਂ ਗਏ। ਰਾਹੁਲ ਨੇ ਕਿਹਾ ‘ਦੋਵਾਂ ਰਾਜਾਂ ਨੇ ਜਬਰ-ਜਨਾਹ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ ਤੇ ਨਾ ਇਨਸਾਫ਼ ਦੇ ਰਾਹ ’ਚ ਅੜਿੱਕਾ ਪਾਇਆ ਹੈ। ਜੇ ਪੰਜਾਬ ਤੇ ਰਾਜਸਥਾਨ ਅਜਿਹਾ ਕਰਦੇ ਤਾਂ ਉਹ ਉੱਥੇ ਵੀ ਜ਼ਰੂਰ ਜਾਂਦੇ।’ ਉਨ੍ਹਾਂ ਕਿਹਾ ਕਿ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਪੀੜਤ ਪਰਿਵਾਰਾਂ ਨੂੰ ਡਰਾ-ਧਮਕਾ ਕੇ ਪ੍ਰੇਸ਼ਾਨ ਨਹੀਂ ਕੀਤਾ ਜਿਵੇਂ ਯੂਪੀ ਵਿਚ ਹੋਇਆ ਸੀ। -ਪੀਟੀਆਈ