ਪੱਤਰ ਪ੍ਰੇਰਕ
ਚੰਡੀਗੜ੍ਹ, 3 ਫ਼ਰਵਰੀ
ਚੰਡੀਗੜ੍ਹ ਵਿੱਚ ਅੱਜ ਕਰੋਨਾ ਵਾਇਰਸ ਕਾਰਨ ਸੈਕਟਰ 27 ਵਾਸੀ 59 ਸਾਲਾਂ ਦੇ ਬਜ਼ੁਰਗ ਦੀ ਮੌਤ ਹੋਈ ਹੈ। ਉਹ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸੀ ਅਤੇ ਜੀ.ਐੱਮ.ਸੀ.ਐੱਚ.-32 ਵਿੱਚ ਇਲਾਜ ਅਧੀਨ ਸੀ। ਇਸ ਤੋਂ ਇਲਾਵਾ ਸ਼ਹਿਰ ਵਿੱਚ 36 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ 31 ਮਰੀਜ਼ ਘਰੇਲੂ ਇਕਾਂਤਵਾਸ ਖ਼ਤਮ ਹੋਣ ਉਪਰੰੰਤ ਡਿਸਚਾਰਜ ਕੀਤੇ ਗਏ ਹਨ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 186 ਹੈ।
ਮੁਹਾਲੀ (ਪੱਤਰ ਪ੍ਰੇਰਕ): ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕਰੋਨਾ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ 53 ਮਰੀਜ਼ ਤੰਦਰੁਸਤ ਹੋਏ ਹਨ ਤੇ ਇਕ ਕਰੋਨਾ ਪੀੜਤ ਦੀ ਮੌਤ ਹੋਈ ਹੈ।
ਡੀਜੀਪੀ ਤੇ ਨਿਗਮ ਕਮਿਸ਼ਨਰ ਨੇ ਟੀਕੇ ਲਗਵਾਏ
ਡੀਜੀਪੀ ਸੰਜੇ ਬੈਨੀਵਾਲ, ਐੱਸਐੱਸਪੀ ਕੁਲਦੀਪ ਸਿੰਘ ਚਾਹਲ, ਐੱਸਪੀ (ਹੈੱਡਕੁਆਰਟਰ) ਮਨੋਜ ਮੀਨਾ, ਐੱਸ.ਪੀ. (ਟ੍ਰੈਫ਼ਿਕ) ਕੇਤਨ ਬਾਂਸਲ ਅਤੇ ਸ਼ਰੁੱਤੀ ਅਰੋੜਾ, ਇੰਸਪੈਕਟਰ ਰਜਨੀ ਸਮੇਤ ਕਈ ਪੁਲੀਸ ਅਧਿਕਾਰੀਆਂ ਅਤੇ ਐੱਸ.ਐਮ.ਓ. ਡਾ. ਵੰਦਨਾ ਮੋਹਨ ਨੇ ਅੱਜ ਕਰੋਨਾ ਵੈਕਸੀਨ ਦੇ ਟੀਕੇ ਲਗਵਾਏ। ਪੁਲੀਸ ਹਸਪਤਾਲ ਸੈਕਟਰ-26 ਦੇ ਵੈਕਸੀਨੇਸ਼ਨ ਸੈਂਟਰ ਵਿੱਚ ਅੱਜ ਚਲਾਈ ਗਈ ਇਸ ਮੁਹਿੰਮ ਦੌਰਾਨ ਡੀਜੀਪੀ ਸੰਜੇ ਬੈਨੀਵਾਲ ਨੇ ਪੁਲੀਸ ਵਿਭਾਗ ਦੇ ਅਫ਼ਸਰਾਂ ਅਤੇ ਜਵਾਨਾਂ ਨੂੰ ਕਿਹਾ ਕਿ ਡਰਨ ਦੀ ਜ਼ਰੂਰਤ ਨਹੀਂ, ਅੱਗੇ ਵਧੋ ਕਿਉਂਕਿ ਕੋਵਿਡ ਖ਼ਿਲਾਫ਼ ਜੰਗ ਨੂੰ ਜਿੱਤਣਾ ਹੈ। ਇਸੇ ਦੌਰਾਨ ਜੀ.ਐਮ.ਐਸ.ਐਚ.-16 ਸਥਿਤ ਕੋਵਿਡ-ਵੈਕਸੀਨੇਸ਼ਨ ਸੈਂਟਰ ਵਿੱਚ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਨੇ ਵੈਕਸੀਨ ਦਾ ਟੀਕਾ ਲਗਵਾਇਆ। ਅੱਜ ਦੀ ਟੀਕਾਕਰਨ ਮੁਹਿੰਮ ਵਿੱਚ 38 ਪੁਲੀਸ ਅਫ਼ਸਰਾਂ ਅਤੇ 28 ਨਗਰ ਨਿਗਮ ਕਰੋਨਾ ਯੋਧਿਆਂ ਨੇ ਟੀਕੇ ਲਗਵਾਏ।