ਜੋਗਿੰਦਰ ਸਿੰਘ ਓਬਰਾਏ
ਖੰਨਾ, 25 ਸਤੰਬਰ
ਇਥੋਂ ਦੇ ਨੇੜਲੇ ਪਿੰਡ ਇਕੋਲਾਹੀ ਵਿੱਚ ਇੰਟਰ ਲਾਕਿੰਗ ਟਾਇਲਾਂ ਦਾ ਕੰਮ ਅੱਧ ਵਿਚਾਲੇ ਛੱਡਣ ’ਤੇ ਪਿੰਡ ਵਾਸੀਆਂ ਨੇ ਪ੍ਰਦਰਸ਼ਨ ਕਰਦਿਆਂ ਕੰਮ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਮੌਕੇ ਨੰਬਰਦਾਰ ਚਰਨਜੀਤ ਸਿਘੰ, ਅੰਮ੍ਰਿਤਪਾਲ ਸਿੰਘ ਅਤੇ ਜਤਿੰਦਰ ਸਿੰਘ ਨੇ ਸਬੰਧਤ ਵਿਭਾਗ ’ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਵਿਚ ਇੰਟਰ ਲਾਕਿੰਗ ਟਾਇਲਾਂ ਲਾਈਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੇ ਘਰਾਂ ਵੱਲ ਕੁਝ ਥਾਂ ਛੱਡ ਕੇ ਅਚਾਨਕ ਕੰਮ ਬੰਦ ਕਰ ਦਿੱਤਾ ਗਿਆ। ਇਸ ਕਾਰਨ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇੇ ਬਾਰਸ਼ ਕਾਰਨ ਗਲੀਆਂ ਵਿਚੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਧ ਵਿਚਾਲੇ ਛੱਡਿਆ ਕੰਮ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ। ਇਸ ਮੌਕੇ ਹਰਪਾਲ ਸਿੰਘ, ਕਮਲਜੀਤ ਸਿੰਘ, ਗੁਰਮੁੱਖ ਸਿੰਘ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਸਲਮਾ ਮੁਮਤਾਜ਼, ਜਸਪ੍ਰੀਤ ਕੌਰ, ਪ੍ਰੀਤਮ ਕੌਰ, ਗੁਰਮੀਤ ਕੌਰ, ਕੁਲਦੀਪ ਸਿੰਘ, ਬੰਤ ਸਿੰਘ ਨਾਗਰਾ ਹਾਜ਼ਰ ਸਨ।
ਸਰਪੰਚ ਬੀਰ ਸਿੰਘ ਨੇ ਕਿਹਾ ਕਿ ਗਲੀ ਦਾ ਇਹ ਕੰਮ ਪੰਚਾਇਤ ਕੋਲ ਨਹੀਂ ਹੈ। ਜੇਈ ਸੁਖਦੀਪ ਸਿੰਘ ਨੇ ਕਿਹਾ ਕਿ ਪਿੰਡ ਦੇ ਸਮਸ਼ਾਨ ਘਾਟ ਨੂੰ ਜਾਣ ਵਾਲੇ ਰਸਤੇ ਦਾ ਕੰਮ ਕਰਨਾ ਪੈ ਗਿਆ। ਇਸ ਲਈ ਗਲੀ ਦਾ ਕੰਮ ਅੱਧ ਵਿਚਾਲੇ ਛੱਡਿਆ ਗਿਆ ਹੈ, ਜਲਦ ਹੀ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾਵੇਗਾ।