ਪੱਤਰ ਪ੍ਰੇਰਕ
ਦਸੂਹਾ, 19 ਅਕਤੂਬਰ
ਇਥੋਂ ਦੇ ਪਿੰਡ ਬੁਧੋਬਰਕਤ ਦੀ ਵਿਧਵਾ ਬਿਰਧ ਤੇ ਉਸ ਦੇ ਦੋ ਅਪਾਹਜ ਪੁੱਤਰਾਂ ਦੀ ਕਥਿਤ ਤੌਰ ’ਤੇ ਕਬਜ਼ੇ ਹੇਠ ਜ਼ਮੀਨ ਛਡਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਥਾਣਾ ਦਸੂਹਾ ਅੱਗੇ ਲਾਇਆ ਧਰਨਾ ਤੀਸਰੇ ਦਿਨ ’ਚ ਦਾਖਲ ਹੋ ਗਿਆ। ਇਸ ਮੌਕੇ ਕਿਸਾਨਾਂ ਨੇ ਦਸੂਹਾ-ਮੁਕੇਰੀਆਂ ਕੌਮੀ ਮਾਰਗ ਜਾਮ ਕਰਕੇ ਸੂਬਾ ਸਰਕਾਰ ਦਾ ਪੁਤਲਾ ਫੁੂਕਿਆ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਤੇ ਅਵਤਾਰ ਸਿੰਘ ਸੇਖੋਂ ਨੇ ਕਿਹਾ ਕਿ ਬੁਧੋਬਰਕਤ ਵਿੱਚ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ੇ ਦੇ ਮਾਮਲੇ ਨੂੰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਪੀੜਤ ਬਿਰਧ ਰਾਜਿੰਦਰ ਕੌਰ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।
ਸ਼ਾਹਕੋਟ (ਪੱਤਰ ਪ੍ਰੇਰਕ): ਬਿਰਧ ਔਰਤ ਦੀ ਇਕ ਏਕੜ ਜ਼ਮੀਨ ’ਤੇ ‘ਆਪ’ ਵਿਧਾਇਕ ਵੱਲੋਂ ਧੱਕੇ ਨਾਲ ਕੀਤੇ ਕਬਜ਼ੇ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਜਲੰਧਰ ਇਕਾਈ ਨੇ ਮਲਸੀਆਂ ਵਿੱਚ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕੀਤਾ। ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ ਦਸੂਹਾ ਦੇ ‘ਆਪ’ ਵਿਧਾਇਕ ਨੇ ਦਰਸਾ ਦਿੱਤਾ ਕਿ ਉਹ ਵੀ ਪਹਿਲੀਆਂ ਸਰਕਾਰਾਂ ਵਾਂਗ ਮਜ਼ਲੂਮਾਂ ਉੱਪਰ ਜਬਰ ਕਰਨ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਦੀ ਜਥੇਬੰਦੀ ਵੱਲੋਂ 17 ਅਕਤੂਬਰ ਤੋਂ ਥਾਣਾ ਦਸੂਹਾ ਅੱਗੇ ਧਰਨਾ ਲਗਾਏ ਜਾਣ ਦੇ ਬਾਵਜੂਦ ਪੁਲੀਸ ਇਨਸਾਫ ਦੇਣ ਲਈ ਕੋਈ ਕਾਰਵਾਈ ਨਹੀਂ ਕਰ ਰਹੀ।