ਪਵਨ ਗੋਇਲ
ਭੁੱਚੋ ਮੰਡੀ, 3 ਫਰਵਰੀ
ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟਰੀਸਿਟੀ ਐਂਪਲਾਈਜ਼ ਐਂਡ ਇੰਜਨੀਅਰ ਦੇ ਸੱਦੇ ’ਤੇ ਟੀਐਸਯੂ ਵੱਲੋਂ ਭੁੱਚੋ ਕਲਾਂ ਦੇ 66 ਕੇਵੀ ਬਿਜਲੀ ਗਰਿੱਡ ’ਤੇ ਕਾਲੇ ਕਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ, ਸਹਾਇਕ ਸਕੱਤਰ ਸਰਕਲ ਬਲੌਰ ਸਿੰਘ, ਸਕੱਤਰ ਜਲੌਰ ਸਿੰਘ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਵੀ ਟੀਐਸਯੂ, ਐਂਪਲਾਈਜ਼ ਫੈਡਰੇਸ਼ਨ ਅਤੇ ਐਂਪਲਾਈਜ਼ ਯੂਨੀਅਨ ਨੇ ਵੀ ਕੇਂਦਰ ਸਰਕਾਰ ਦੀ ਅਰਥੀ ਫੂਕੀ।
ਬਰੇਟਾ (ਸਤ ਪ੍ਰਕਾਸ਼ ਸਿੰਗਲਾ): ਨੈਸ਼ਨਲ ਕੁਆਰਡੀਨੇਸ਼ਨ ਦੇ ਸੱਦੇ ’ਤੇ ਐਂਪਲਾਈਜ਼ ਫੈਡਰੇਸ਼ਨ ਪੀਐੱਸਈਬੀ ਦੇ ਸਮੂਹ ਮੁਲਾਜ਼ਮਾਂ ਵੱਲੋ ਦੇਸ਼ ਪੱਧਰ ’ਤੇ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ’ਤੇ ਕਾਲੇ ਬਿੱਲੇ ਲਾ ਕੇ ਰੋਸ ਭਰਪੂਰ ਅਰਥੀ ਸਾੜ ਰੈਲੀ ਕੀਤੀ ਗਈ। ਆਗੂਆਂ ਨੇ ਕੇਦਰ ਸਰਕਾਰ ਵੱਲੋਂ ਸਾਲ 2021-22 ਦੇ ਕਾਰਪੋਰੇਟਰਾਂ ਪੱਖੀ ਬਜਟ ਦੀ ਨਿਖੇਧੀ ਵੀ ਕੀਤੀ। ਅੱਜ ਦੀ ਰੈਲੀ ਨੂੰ ਡਿਵੀਜ਼ਨ ਪ੍ਰਧਾਨ, ਗੁਰਚਰਨ ਸਿੰਘ, ਗੁਰਮੀਤ ਸਿੰਘ, ਤਰਸੇਮ ਸਿੰਘ, ਦੁਰਗਾ ਸਿੰਘ, ਰਸ਼ਪਾਲ ਸਿੰਘ, ਹਰਜੀਤ ਸਿੰਘ ਨੇ ਸੰਬੋਧਨ ਕੀਤਾ।
ਬਿਜਲੀ ਡਿਪਲੋਮਾ ਇੰਜਨੀਅਰਾਂ ਵੱਲੋਂ ‘ਵਰਕ ਬਾਈਕਾਟ’
ਸਿਰਸਾ (ਪ੍ਰਭ ਦਿਆਲ): ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਐਂਪਲਾਇਜ਼ ਅਤੇ ਇੰਜਨੀਅਰ ਦੇ ਸੱਦੇ ’ਤੇ ਆਲ ਇੰਡੀਆ ਫੈਡਰੇਸ਼ਨ ਆਫ ਪਾਵਰ ਡਿਪਲੋਮਾ ਇੰਜਨੀਅਰ ਅਤੇ ਐੱਚਐੱਸਈਬੀ ਡਿਪਲੋਮਾ ਇੰਜਨੀਅਰ ਹਰਿਆਣਾ ਵੱਲੋਂ ਅੱਜ ਵਰਕ ਬਾਈਕਾਟ ਕੀਤਾ ਗਿਆ। ਇਸ ਦੌਰਾਨ ਧਰਨਾ ਦੇ ਕੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਇਸ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਮੁੱਖ ਸਲਾਹਕਾਰ ਇੰਦਰਜੀਤ ਅਸੀਜਾ, ਜ਼ੋਨਲ ਆਰਗੇਨਾਈਜਰ ਗੋਪਾਲ ਮੋਹਨ ਉਪਾਧਿਆਏ, ਪ੍ਰਧਾਨ ਸੁਨੀਲ ਕੁਮਾਰ, ਸਕੱਤਰ ਹਰਮੀਤ ਸਿੰਘ ਮੌਜੂਦ ਸਨ।
ਬਿਜਲੀ ਮੁਲਾਜ਼ਮਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ
ਜੈਤੋ (ਸ਼ਗਨ ਕਟਾਰੀਆ): ਬਿਜਲੀ ਕਰਮਚਾਰੀਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਕਿਸਾਨ ਘੋਲ ਦੇ ਹੱਕ ’ਚ ਨਿੱਤਰਦਿਆਂ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਉਨ੍ਹਾਂ ਕਿਹਾ ਕਿ ਇਸ ਘੋਲ ਵਿਚ ਟੀਐੱਸਯੂ ਕਿਸਾਨਾਂ ਨਾਲ ਸੰਘਰਸ਼ ਵਿਚ ਮੋਢਾ ਜੋੜ ਕੇ ਖੜ੍ਹੀ ਹੈ। ਇਸ ਮੌਕੇ ਮੰਡਲ ਕੋਟਕਪੂਰਾ ਦੇ ਪ੍ਰਧਾਨ ਦਰਸ਼ਨ ਸਿੰਘ ਸਰਾਵਾਂ, ਸਕੱਤਰ ਜਸਪਾਲ ਸਿੰਘ, ਸਬ ਡਿਵੀਜ਼ਨ ਜੈਤੋ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਦਲ ਸਿੰਘ ਵਾਲਾ, ਸਬ ਡਿਵੀਜ਼ਨ ਬਾਜਾਖਾਨਾ ਦੇ ਪ੍ਰਧਾਨ ਕਰਨੈਲ ਸਿੰਘ ਚੰਦਭਾਨ ਹਾਜ਼ਰ ਸਨ।