ਦਰਸ਼ਨ ਸਿੰਘ ਸੋਢੀ
ਮੁਹਾਲੀ, 8 ਜੁਲਾਈ
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰ ਅਧਿਆਪਕ ਯੂਨੀਅਨਾਂ ਵੱਲੋਂ ਕੱਚੇ ਅਧਿਆਪਕ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਵੀਰਵਾਰ ਨੂੰ 23ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸੇ ਦੌਰਾਨ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਚਾਨਕ ਧਰਨੇ ਵਿੱਚ ਪਹੁੰਚ ਗਏ। ਉਨ੍ਹਾਂ ਨੇ ਬੱਚਿਆਂ ਸਮੇਤ ਧਰਨੇ ਉੱਤੇ ਬੈਠੀਆਂ ਔਰਤਾਂ ਅਤੇ ਸਾਥੀ ਅਧਿਆਪਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਤਿ ਦੀ ਗਰਮੀ ਵਿੱਚ ਉਨ੍ਹਾਂ ਨੂੰ ਧਰਨੇ ’ਤੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਚੇ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮ ਵਰਗ ਬਾਰੇ ਸੂਬਾ ਸਰਕਾਰ ਸ਼ਿੱਦਤ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਹੁਣ ਤੱਕ ਕਾਫ਼ੀ ਮੁੱਦਿਆਂ ’ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਮੰਗਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੇਸ ਤਿਆਰ ਕਰਕੇ ਬੁੱਧਵਾਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਿਨ੍ਹਾਂ ਅਧਿਆਪਕਾਂ ਦਾ ਡਿਪਲੋਮਾ ਨਹੀਂ ਕੀਤਾ ਹੋਇਆ ਹੈ। ਉਨ੍ਹਾਂ ਦਾ ਵੀ ਢੁਕਵਾਂ ਹੱਲ ਕੱਢਿਆ ਜਾਵੇਗਾ ਅਤੇ ਇਕ ਇਕ ਅਧਿਆਪਕ ਨੂੰ ਪੱਕੀ ਪੋਸਟ ’ਤੇ ਲਗਾਇਆ ਜਾਵੇਗਾ। ਇਸ ਮੌਕੇ ਸੂਬਾ ਕਨਵੀਨਰ ਅਜਮੇਰ ਸਿੰਘ ਔਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਪੰਨੂ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸਮੇਤ ਹੋਰ ਆਗੂ ਅਤੇ ਕੱਚੇ ਅਧਿਆਪਕ ਹਾਜ਼ਰ ਸਨ। ਉਨ੍ਹਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਹੁਣ ਉਹ ਲਾਰਿਆਂ ਵਿੱਚ ਨਹੀਂ ਆਉਣਗੇ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਜੇਕਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਹੋਰ ਬਾਕੀ ਜਾਇਜ਼ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਸ ਦਿਨ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਅਤੇ ਸਿੱਖਿਆ ਸਕੱਤਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਗਰਮੀ ਵਿੱਚ ਕੱਚੇ ਅਧਿਆਪਕ ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ, ਰਾਜਾ ਔਲਖ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ’ਤੇ ਡਟੇ ਹੋਏ ਹਨ। ਇਨ੍ਹਾਂ ’ਚੋਂ ਰਾਜਾ ਔਲਖ, ਬੇਅੰਤ ਸਿੰਘ ਪਟਿਆਲਾ, ਕੁਲਵਿੰਦਰ ਸਿੰਘ ਨਾੜੂ ਦੀ ਧੁੱਪ ਕਾਰਨ ਸਿਹਤ ਵਿਗੜ ਗਈ ਹੈ। ਇਨ੍ਹਾਂ ਅਧਿਆਪਕਾਂ ਨੂੰ ਸਿਰ ਦਰਦ ਅਤੇ ਬੁਖ਼ਾਰ ਹੈ। ਇਸੇ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਸੰਗਰੂਰ ਦੇ ਪ੍ਰਧਾਨ ਦੇਵੀ ਦਿਆਲਨ ਦੀ ਅਗਵਾਈ ਹੇਠ ਵੱਡਾ ਜਥਾ ਧਰਨੇ ਵਿੱਚ ਪੁੱਜਾ ਅਤੇ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।