ਨਵੀਂ ਦਿੱਲੀ, 24 ਅਕਤੂਬਰ
ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਭਾਰਤ ਅਤੇ ਚੀਨ ਫੌਜਾਂ ਵਿਚਾਲੇ ਗਲਵਾਨ ਵਾਦੀ ਵਿੱਚ ਹੋਈ ਝੜੱਪ ਤੋਂ ਬਾਅਦ ਪੈਦਾ ਤਣਾਅ ਦਰਮਿਆਨ, ਸਰਕਾਰ ਨੇ ਭਾਰਤ-ਤਿੱਬਤ ਬਾਰਡਰ ਪੁਲੀਸ (ਆਈ.ਟੀ.ਬੀ.ਪੀ.) ਨੂੰ ਚੌਕਸੀ ਵਧਾਉਣ ਲਈ ਐਲਏਸੀ ’ਤੇ 47 ਨਵੀਂਆਂ ਚੌਕੀਆਂ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਇਹ ਐਲਾਨ ਗ੍ਰੇਟਰ ਨੋਇਡਾ ਵਿੱਚ ਆਈਟੀਬੀਪੀ ਦੇ 59 ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਆਈਟੀਬੀਪੀ ਭਾਰਤ-ਚੀਨ ਸਰਹੱਦ ਦੇ 3,488 ਕਿਲੋਮੀਟਰ ਇਲਾਕੇ ਦੀ ਰਾਖੀ ਕਰਦੀ ਹੈ। ਮੰਤਰੀ ਨੇ ਦੱਸਿਆ ਕਿ ਆਈਟੀਬੀਪੀ ਨੂੰ ਨਵੇਂ ਕਿਸਮ ਦੇ 28 ਵਾਹਨ ਵੀ ਮੁਹੱਈਆ ਕਰਵਾਏ ਗਏ ਹਨ। ਆਈਟੀਬੀਪੀ ਦੀ ਸਥਾਪਨਾ 24 ਅਕਤੂਬਰ, 1962 ਨੂੰ ਭਾਰਤ-ਚੀਨ ਜੰਗ ਤੋਂ ਬਾਅਦ ਹੋਈ ਸੀ।- ਏਜੰਸੀ