ਸ਼ਮਸ਼ੇਰ ਸਿੰਘ ਸੋਹੀ
ਪੰਜਾਬੀ ਸਿਨਮਾ ਵਿੱਚ ਸੁਖਜਿੰਦਰ ਸ਼ੇਰਾ ਉਹ ਨਾਂ ਹੈ ਜਿਸ ਨੇ ਸੁਪਰਹਿੱਟ ਪੰਜਾਬੀ ਫ਼ਿਲਮ ‘ਯਾਰੀ ਜੱਟ ਦੀ’ ਦੀ ਕਹਾਣੀ ਤੇ ਡਾਇਲਾਗ ਲਿਖੇ ਤੇ ਵਰਿੰਦਰ ਦੀ ਆਖ਼ਰੀ ਫ਼ਿਲਮ ‘ਜੱਟ ਤੇ ਜ਼ਮੀਨ’ ਬਣਾਈ ਸੀ। ਪੰਜਾਬੀ ਫ਼ਿਲਮਾਂ ’ਚ ਉੱਚੇ ਲੰਮੇ ਗੱਭਰੂ, ਕੁੜਤੇ ਚਾਦਰੇ ਤੇ ਤੁਰਲੇ ਵਾਲੀ ਪੱਗ ਬੰਨ੍ਹੀ ਦੇਸੀ ਜਿਹੀ ਦਿੱਖ ਰੱਖਣ ਵਾਲੇ ਲੇਖਕ, ਅਦਾਕਾਰ ਤੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਵਿੱਚ ਜਗਰਾਓਂ ਨੇੜਲੇ ਪਿੰਡ ਮਲਕ ਵਿਖੇ ਹੋਇਆ। ਉਸ ਨੇ ਸ਼ੁਰੂਆਤੀ ਪੜ੍ਹਾਈ ਮਲਕ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ।
ਸੁਖਜਿੰਦਰ ਦੇ ਘਰ ਵਿੱਚ ਭਾਵੇਂ ਪਹਿਲਾਂ ਫ਼ਿਲਮਾਂ ਵਿੱਚ ਕੋਈ ਨਹੀਂ ਸੀ, ਪਰ ਉਸ ਨੂੰ ਕਹਾਣੀਆਂ ਲਿਖਣ ਦਾ ਸ਼ੌਕ ਤੇ ਫ਼ਿਲਮਾਂ ਦੇਖਣ ਦੀ ਚਿਣਗ ਬਚਪਨ ਤੋਂ ਹੀ ਲੱਗ ਗਈ ਸੀ। ਉਸ ਸਮੇਂ ਦੇ ਸੁਪਰਸਟਾਰ ਧਰਮਿੰਦਰ ਤੇ ਦਾਰਾ ਸਿੰਘ ਦੀਆਂ ਫ਼ਿਲਮਾਂ ਦੇਖ ਕੇ ਉਹ ਵੀ ਮਨ ਵਿੱਚ ਸੋਚਦਾ ਸੀ ਕਿ ਕਿਸੇ ਦਿਨ ਉਹ ਵੀ ਫ਼ਿਲਮ ਜ਼ਰੂਰ ਬਣਾਵੇਗਾ। ਉਸ ਦਾ ਇਹ ਸੁਪਨਾ ਉਦੋਂ ਪੂਰਾ ਹੋਇਆ ਜਦੋਂ ਉਸ ਦਾ ਮੇਲ ਉਸ ਸਮੇਂ ਦੇ ਮਸ਼ਹੂਰ ਲੇਖਕ, ਅਦਾਕਾਰ ਤੇ ਨਿਰਮਾਤਾ-ਨਿਰਦੇਸ਼ਕ ਵਰਿੰਦਰ ਨਾਲ ਹੋਇਆ।
ਸਭ ਤੋਂ ਪਹਿਲਾਂ ਸੁਖਜਿੰਦਰ ਸ਼ੇਰਾ 1983 ਵਿੱਚ ਬਣੀ ਪੰਜਾਬੀ ਫ਼ਿਲਮ ‘ਬਟਵਾਰਾ’ ਦੇ ਇੱਕ ਗੀਤ ‘ਲੋਕੋ ਵੱਢਿਆ ਗੰਡਾਸਿਆਂ ਦੇ ਨਾਲ’ ਵਿੱਚ ਵਰਿੰਦਰ ਤੇ ਮੋਹਨ ਬੱਗੜ ਨਾਲ ਨਜ਼ਰ ਆਇਆ। ਇਸ ਤੋਂ ਬਾਅਦ ਉਹ ਵਰਿੰਦਰ ਦਾ ਚੰਗਾ ਦੋਸਤ ਬਣ ਗਿਆ। ਵਰਿੰਦਰ ਦੀ ਸੋਚ ਸੀ ਕਿ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਵਿਦੇਸ਼ਾਂ ਵਿੱਚ ਵੀ ਕੀਤੀ ਜਾਵੇ ਤੇ ਫ਼ਿਲਮਾਂ ਵਿੱਚ ਉਹ ਕੁਝ ਦਿਖਾਇਆ ਜਾਵੇ ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇ। ਸ਼ੇਰਾ ਲਿਖਦਾ ਬਹੁਤ ਵਧੀਆ ਸੀ। ਇਸ ਕਰਕੇ ਵਰਿੰਦਰ ਨੂੰ ਸ਼ੇਰੇ ਦੀ ਲੇਖਣੀ ਬਹੁਤ ਪਸੰਦ ਆਈ। ਜਲਦੀ ਹੀ ਵਰਿੰਦਰ ਨੇ ਉਸ ਨੂੰ ਆਪਣੀ ਫ਼ਿਲਮ ‘ਯਾਰੀ ਜੱਟ ਦੀ’ ਵਿੱਚ ਕੰਮ ਕਰਨ ਲਈ ਕਿਹਾ। ਇਹ ਫ਼ਿਲਮ ਤੇ ਇਸ ਦਾ ਸੰਗੀਤ ਸੁਪਰਹਿੱਟ ਰਿਹਾ। ਇਹ ਪਹਿਲੀ ਪੰਜਾਬੀ ਫ਼ਿਲਮ ਸੀ ਜਿਸ ਦੀ ਕੁਝ ਸ਼ੂਟਿੰਗ ਵਿਦੇਸ਼ ਵਿੱਚ ਹੋਈ। ਇਸ ਫ਼ਿਲਮ ਦੇ ਹਿੱਟ ਹੋਣ ਨਾਲ ਵਰਿੰਦਰ ਦੇ ਨਾਲ ਨਾਲ ਲੋਕਾਂ ਵਿੱਚ ਸ਼ੇਰੇ ਦੀ ਵੀ ਚੰਗੀ ਪਛਾਣ ਬਣ ਗਈ। ਵਰਿੰਦਰ ਦੀ ਆਖ਼ਰੀ ਫ਼ਿਲਮ ‘ਜੱਟ ਤੇ ਜ਼ਮੀਨ’ ਵਿੱਚ ਸ਼ੇਰੇ ਨੇ ਸਹਾਇਕ ਨਿਰਦੇਸ਼ਕ, ਨਿਰਮਾਤਾ ਤੇ ਸਕਰੀਨ ਪਲੇ ਵੱਜੋਂ ਕੰਮ ਕੀਤਾ ਤੇ ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਵੀ ਆਪ ਹੀ ਲਿਖੇ।
ਇਸ ਤੋਂ ਬਾਅਦ ਸ਼ੇਰੇ ਨੇ ‘ਸਿਰ ਧੜ ਦੀ ਬਾਜ਼ੀ’, ‘ਉੱਚਾ ਪਿੰਡ’, ‘ਜਗੀਰਾ’, ‘ਜ਼ੋਰ ਜੱਟ ਦਾ’, ‘ਹਥਿਆਰ’, ‘ਧਰਮ ਜੱਟ ਦਾ’, ‘ਮੋਹ ਪੰਜਾਬ ਦਾ’, ‘ਨਾ ਕਰ ਬਦਨਾਮ ਕੈਨੇਡਾ ਨੂੰ’, ‘ਸਿੱਧਾ ਚੱਲ ਕੈਨੇਡਾ ਨੂੰ’, ‘ਤੂੰ ਕੀ ਥਾਣੇਦਾਰ ਲੱਗਿਆ’, ‘ਕਤਲੇਆਮ’, ‘ਗੈਰਤ’, ‘ਪਗੜੀ ਸੰਭਾਲ ਜੱਟਾ’, ‘ਜੱਟ ਇਨ ਮੂਡ’, ‘ਸੁੱਖਾ ਜਿੰਦਾ’, ‘ਮਿਰਜ਼ਾ ਸਾਹਿਬਾ’, ‘ਦੇਹਿ ਸ਼ਿਵਾ ਬਰ ਮੋਹਿ’ ਅਤੇ ‘ਯਾਰ ਬੇਲੀ’ ਫ਼ਿਲਮਾਂ ਕੀਤੀਆਂ।
ਸ਼ੇਰਾ ਸਿੱਧਾ ਸਾਦਾ ਪੇਂਡੂ ਜੱਟ ਲੱਗਦਾ ਸੀ। ਸ਼ੁਰੂ ਵਿੱਚ ਜਦੋਂ ਕਈ ਲੋਕ ਕਹਿੰਦੇ ਸਨ ਕਿ ਇਸ ਨੂੰ ਦੇਸੀ ਜਿਹੇ ਨੂੰ ਫ਼ਿਲਮਾਂ ’ਚ ਕੌਣ ਕੰਮ ਦੇਵੇਗਾ ਤਾਂ ਉਹ ਕਹਿੰਦਾ ਸੀ, ‘ਮੈਨੂੰ ਆਪਣੀ ਪੇਂਡੂ ਜਿਹੀ ਦਿੱਖ ’ਤੇ ਮਾਣ ਹੈ, ਮੈਂ ਇੱਕ ਦਿਨ ਫ਼ਿਲਮਾਂ ’ਚ ਜ਼ਰੂਰ ਕੰਮ ਕਰਾਂਗਾ।’ ਉਸ ਦਾ ਇਹ ਸੁਪਨਾ ਪੂਰਾ ਹੋਇਆ ਕਿਉਂਕਿ ਉਸ ਨੇ ਫ਼ਿਲਮਾਂ ਵਿੱਚ ਆਪਣੀ ਦਿੱਖ ਕਦੇ ਨਹੀਂ ਬਦਲੀ ਤੇ ਉਸੇ ਦੇਸੀ ਅੰਦਾਜ਼ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਨੂੰ ਫ਼ਿਲਮ ਦੀ ਕਹਾਣੀ ਲਿਖਣ ਦੀ ਪੂਰੀ ਮੁਹਾਰਤ ਹਾਸਲ ਸੀ। ਉਸ ਦੀ ਸੋਚ ਸੀ ਕਿ ਪੰਜਾਬੀ ਫ਼ਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ ਨਾਲ ਮੇਲ ਖਾਂਦੀ ਹੋਵੇ ਤੇ ਘਟੀਆ ਰੀਤੀ ਰਿਵਾਜਾਂ ਖਿਲਾਫ਼ ਆਵਾਜ਼ ਬੁਲੰਦ ਕਰਦੀ ਹੋਵੇ। ਉਸ ਦੀਆਂ ਕੁਝ ਫ਼ਿਲਮਾਂ ਭਾਵੇਂ ਹਿੱਟ ਨਹੀਂ ਰਹੀਆਂ, ਪਰ ਪੰਜਾਬੀ ਸਿਨਮਾ ਲਈ ਉਸ ਨੇ ਜੋ ਵੀ ਕੀਤਾ ਉਹ ਬਾਕਮਾਲ ਹੈ।
ਅਖੀਰ ਤੱਕ ਸ਼ੇਰੇ ਦੀ ਸੋਚ ਰਹੀ ਕਿ ਉਹ ਪੰਜਾਬੀ ਸਿਨਮਾ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਵੇ। ਉਹ ਦੁਬਾਰਾ ਉਹੀ ਕਿਰਦਾਰ ਲੈ ਕੇ ‘ਯਾਰੀ ਜੱਟ ਦੀ-2’ ਤੇ ‘ਜੱਟ ਤੇ ਜ਼ਮੀਨ-2’ ਫ਼ਿਲਮਾਂ ਬਣਾਉਣ ਬਾਰੇ ਸੋਚ ਰਿਹਾ ਸੀ, ਪਰ ਉਸ ਦਾ ਇਹ ਸੁਪਨਾ ਅਧੂਰਾ ਰਹਿ ਗਿਆ। ਕੰਮ ਦੇ ਸਿਲਸਿਲੇ ਵਿੱਚ ਉਹ ਅਫ਼ਰੀਕੀ ਦੇਸ਼ ਯੁਗਾਂਡਾ ਆਪਣੇ ਦੋਸਤ ਨੂੰ ਮਿਲਣ ਗਿਆ, ਪਰ ਉੱਥੇ ਬਿਮਾਰ ਹੋਣ ਕਰਕੇ ਉਹ ਰੁਖ਼ਸਤ ਹੋ ਗਿਆ। ਜਦੋਂ ਕਦੇ ਵੀ ਪੰਜਾਬੀ ਫ਼ਿਲਮਾਂ ਦੀ ਗੱਲ ਚੱਲੇਗੀ ਤਾਂ ਇਸ ਦੇਸੀ ਜਿਹੀ ਦਿੱਖ ਵਾਲੇ ਉੱਚੇ ਲੰਮੇ ਅਦਾਕਾਰ ਨੂੰ ਲੋਕ ਹਮੇਸ਼ਾਂ ਯਾਦ ਕਰਨਗੇ।