ਝਾਂਸੀ (ਯੂਪੀ), 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ’ਚ 3425 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਝਾਂਸੀ ’ਚ ਬੁੱਧਵਾਰ ਨੂੰ ਸ਼ੁਰੂ ਹੋਏ ਤਿੰਨ ਰੋਜ਼ਾ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ’ਚ ਹਿੱਸਾ ਲੈਣ ਇੱਥੇ ਆਏ ਪ੍ਰਧਾਨ ਮੰਤਰੀ ਨੇ ਅੱਜ 600 ਮੈਗਾਵਾਟ ਅਲਟਰਾ ਮੈਗਾ ਸੋਲਰ ਪਾਵਰ ਪਾਰਕ ਦਾ ਨੀਂਹ ਪੱਥਰ ਰੱਖਿਆ ਜਿਸ ਦਾ ਨਿਰਮਾਣ ਤਕਰੀਬਨ 3013 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਨਾਲ ਸਸਤੀ ਬਿਜਲੀ ਤੇ ਗਰਿੱਡ ਨੂੰ ਸਥਿਰਤਾ ਦੇਣ ’ਚ ਮਦਦ ਮਿਲੇਗੀ। ਉਨ੍ਹਾਂ ਉੱਤਰ ਪ੍ਰਦੇਸ਼ ਡਿਫੈਂਸ ਇੰਡਸਟਰੀਅਲ ਕੋਰੀਡੋਰ ਦੇ ਝਾਂਸੀ ਨੋਡ ’ਤੇ 400 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਝਾਂਸੀ ’ਚ ਅੱਜ ‘ਅਟਲ ਏਕਤਾ ਪਾਰਕ’ ਦਾ ਉਦਘਾਟਨ ਵੀ ਕੀਤਾ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਬਣਿਆ ਇਹ ਪਾਰਕ ਕਰੀਬ 40 ਹਜ਼ਾਰ ਵਰਗ ਮੀਟਰ ’ਚ ਫੈਲਿਆ ਹੈ ਤੇ ਇਸ ਦੇ ਨਿਰਮਾਣ ’ਚ ਤਕਰੀਬਨ 12 ਕਰੋੜ ਰੁਪਏ ਦਾ ਖਰਚਾ ਆਇਆ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਪਾਰਕ ’ਚ ਇੱਕ ਲਾਇਬਰੇਰੀ ਤੇ ਵਾਜਪਾਈ ਦਾ ਇੱਕ ਬੁੱਤ ਵੀ ਹੋਵੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਯੂਪੀ ਦੇ ਮਹੋਬਾ ’ਚ ਵੀ 3240 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। -ਪੀਟੀਆਈ