ਨਿੱਜੀ ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 24 ਸਤੰਬਰ
ਇਥੇ ਨਿਰਮਲ ਕੁਟੀਆ ਵਿੱਚ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪਰਵਾਸੀ ਸ਼ਾਇਰਾ ‘ਜੀਤ ਸੁਰਜੀਤ’ ਬੈਲਜੀਅਮ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਕਾਗਜ਼ੀ ਕਿਰਦਾਰ’ ਰਿਲੀਜ਼ ਕੀਤਾ। ਸੰਤ ਸੀਚੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਚੰਗਾ ਸਾਹਿਤ ਸਮਾਜ ਲਈ ਸ਼ੀਸ਼ੇ ਦਾ ਕੰਮ ਕਰਦਾ ਹੈ। ਜਿਨ੍ਹਾਂ ਕੌਮਾਂ ਦਾ ਇਤਿਹਾਸ ਅਤੇ ਸਾਹਿਤ ਅਮੀਰ ਹੁੰਦਾ ਹੈ ਉਹ ਕੌਮਾਂ ਦੁਨੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਦੀਆਂ ਹਨ। ਗ਼ਜ਼ਲ ਸੰਗ੍ਰਹਿ ‘ਕਾਗਜ਼ੀ ਕਿਰਦਾਰ’ ’ਤੇ ਚਰਚਾ ਕਰਦਿਆਂ ਸ਼ਾਇਰ ਮੁਖਤਿਆਰ ਚੰਦੀ ਨੇ ਕਿਹਾ ਕਿ ਸ਼ਾਇਰਾ ਜੀਤ ਸੁਰਜੀਤ ਸੱਤ ਸਮੁੰਦਰੋਂ ਪਾਰ ਬੈਠੀ ਆਪਣੀਆਂ ਗ਼ਜ਼ਲਾਂ ਵਿੱਚ ਮਾਂ ਬੋਲੀ, ਅਮੀਰ ਸਭਿਆਚਾਰ ਅਤੇ ਮਿੱਟੀ ਦੀ ਖੁਸ਼ਬੂ ਨੂੰ ਆਪਣੇ ਸਾਹਾਂ ਵਿੱਚ ਸਮੋਈ ਬੈਠੀ ਹੈ। ਉਸ ਨੇ ਆਪਣੀਆਂ ਲਿਖਤਾਂ ਵਿੱਚ ਤਿੜਕਦੇ ਮਨੁੱਖੀ ਰਿਸ਼ਤਿਆਂ, ਜੰਮਣ ਭੋਇੰ ਦਾ ਦਰਦ, ਸਮਾਜਿਕ ਸਰੋਕਾਰਾਂ ਅਤੇ ਦੁੱਖਾਂ ਦਰਦਾਂ ਨੂੰ ਬਾਖੂਬੀ ਚਿਤਰਿਆ ਹੈ। ਇਸ ਮੌਕੇ ਸ਼ਾਇਰਾ ਕੁਲਵਿੰਦਰ ਕੰਵਲ, ਆਲੋਚਕ ਡਾ. ਰਾਮ ਮੂਰਤੀ ਅਤੇ ਕਵੀ ਸੰਤ ਸੰਧੂ ਨੇ ਵੀ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ।