ਜੇ.ਬੀ. ਸੇਖੋਂ
ਗੜ੍ਹਸ਼ੰਕਰ, 15 ਜਨਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਨੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੂੰ ਟਿਕਟ ਦੇ ਕੇ ਗੜ੍ਹਸ਼ੰਕਰ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਅਤੇ ਕਾਂਗਰਸ ਦੇ ਬੁਲਾਰਾ ਬੀਬੀ ਨਿਮਿਸ਼ਾ ਮਹਿਤਾ ਵਿਚਕਾਰ ਟਿਕਟ ਦੀ ਪ੍ਰਾਪਤੀ ਲਈ ਅਕਸਰ ਸਿਆਸੀ ਖਿੱਚੋਤਾਣ ਰਹੀ ਹੈ ਪਰ ਇਸ ਵਾਰ ਨਿਮਿਸ਼ਾ ਮਹਿਤਾ ਨੂੰ ਹੀ ਇਸ ਹਲਕੇ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਸਮਝਿਆ ਜਾ ਰਿਹਾ ਸੀ। ਕਾਂਗਰਸ ਵੱਲੋਂ ਸਾਰੀਆਂ ਅਟਕਲਾਂ ਨੂੰ ਵਿਰਾਮ ਦਿੰਦਿਆਂ ਨੌਜਵਾਨ ਆਗੂ ਅਮਰਪ੍ਰੀਤ ਸਿੰਘ ਲਾਲੀ ਨੂੰ ਟਿਕਟ ਦਾ ਐਲਾਨ ਕਰਕੇ ਇਸ ਹਲਕੇ ਦੇ ਸਿਆਸੀ ਮਾਹੌਲ ਵਿੱਚ ਗਹਿਮਾ ਗਹਿਮੀ ਭਰ ਦਿੱਤੀ ਹੈ। ਸੂਤਰਾਂ ਅਨੁਸਾਰ ਬੀਬੀ ਨਿਮਿਸ਼ਾ ਮਹਿਤਾ ਆਜ਼ਾਦ ਉਮੀਦਵਾਰ ਵੱਜੋਂ ਜਾਂ ਲੋਕ ਕਾਂਗਰਸ ਵੱਲੋਂ ਆਪਣੀ ਉਮੀਦਵਾਰ ਜ਼ਾਹਿਰ ਕਰ ਸਕਦੇ ਹਨ। ਦੱਸਣਾ ਬਣਦਾ ਹੈ ਕਿ ਕਾਂਗਰਸ ਦੀ ਸਥਾਨਕ ਇਕਾਈ ਵਿੱਚ ਹਮੇਸ਼ਾ ਇੱਕ ਤੋਂ ਜ਼ਿਆਦਾ ਧੜੇਬੰਦੀਆਂ ਰਹੀਆਂ ਹਨ ਪਰ ਇਸ ਵਾਰ ਅਮਰਪ੍ਰੀਤ ਸਿੰਘ ਲਾਲੀ ਨੂੰ ਟਿਕਟ ਦੇ ਕੇ ਕਾਂਗਰਸ ਨੇ ਆਪਣੀਆਂ ਚੁਣੌਤੀਆਂ ਹੋਰ ਵਧਾ ਲਈਆਂ ਹਨ।