ਮੁੰਬਈ, 24 ਅਕਤੂਬਰ
ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਲੀਡਰਸ਼ਿਪ ਨੂੰ ਕਰੋਨਾ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਤੇ ਨੇਤਾ ਰਾਜੀਵ ਪ੍ਰਤਾਪ ਰੂਡੀ ਨੂੰ ਕਰੋਨਾ ਹੋਇਆ ਸੀ ਤੇ ਹੁਣ ਰਾਜ ਵਿੱਚ ਪਾਰਟੀ ਦੇ ਇੰਚਾਰਜ ਤੇ ਮਹਾਰਾਸ਼ਟਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇਵਿੰਦਰ ਫੜਨਵੀਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਰੋਨਾ ਹੋ ਗਿਆ ਹੈ। ਭਾਜਪਾ ਨੇਤਾ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ। ਉਨ੍ਹਾਂ ਕਿਹਾ, “ਮੈਂ ਤਾਲਾਬੰਦੀ ਤੋਂ ਬਾਅਦ ਲਗਾਤਾਰ ਕੰਮ ਕਰ ਰਿਹਾ ਹਾਂ ਤੇ ਅਜਿਹਾ ਲਗਦਾ ਹੈ ਕਿ ਪ੍ਰਮਾਤਮਾ ਹੁਣ ਚਾਹੁੰਦਾ ਹੈ ਕਿ ਮੈਂ ਕੁਝ ਸਮੇਂ ਲਈ ਆਰਾਮ ਕਰਾਂ। ਮੈਂ ਇਕਾਂਤਵਾਸ ਵਿੱਚ ਹਾਂ ਤੇ ਮੇਰੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਟੈਸਟ ਕਰਵਾ ਲੈਣ।’