ਮੁੱਖ ਅੰਸ਼
- ਦਿੱਲੀ ਗੁਰਦੁਆਰਾ ਕਮੇਟੀ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਨੂੰ ਰੋਸ ਪੱਤਰ ਭੇਜਿਆ
- ਸ਼੍ਰੋਮਣੀ ਕਮੇਟੀ ਨੇ ਵੀ ਰੋਸ ਪ੍ਰਗਟਾਇਆ
ਜਗਤਾਰ ਸਿੰਘ ਲਾਂਬਾ/ਮਨਧੀਰ ਸਿੰਘ ਦਿਓਲ
ਅੰਮ੍ਰਿਤਸਰ/ਨਵੀਂ ਦਿੱਲੀ, 4 ਅਪਰੈਲ
ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ’ਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਗੁਰੂ ਸਾਹਿਬ ਦੀ ਯਾਦ ਵਿਚ ਸਮਾਰਕ ਬਣਾਉਣ ਜਾਂ ਕੁਝ ਹੋਰ ਬਣਾਉਣ ਦੇ ਮਾਮਲੇ ਦਾ ਅੱਜ ਦਿੱਲੀ ਕਮੇਟੀ ਨੇ ਵਿਰੋਧ ਕਰਦਿਆਂ ਇਸ ਸਬੰਧੀ ਪ੍ਰਧਾਨ ਮੰਤਰੀ ਦਫਤਰ ਨੂੰ ਪੱਤਰ ਭੇਜ ਕੇ ਆਪਣਾ ਰੋਸ ਦਰਜ ਕਰਾਇਆ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਸਬੰਧੀ ਰੋਸ ਪ੍ਰਗਟਾਇਆ ਹੈ।
ਸਿੱਖ ਹਲਕਿਆਂ ’ਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸੀਸਗੰਜ ਦੇ ਬਾਹਰ ਗੁਰੂ ਸਾਹਿਬ ਦਾ ਬੁੱਤ ਸਥਾਪਤ ਕੀਤਾ ਜਾਵੇਗਾ ਜਾਂ ਫਿਰ ਕੋਈ ਹੋਰ ਸਮਾਰਕ ਬਣਾਇਆ ਜਾਵੇਗਾ। ਇਸ ਸਬੰਧੀ ਪ੍ਰਕਾਸ਼ਿਤ ਹੋਈ ਇਕ ਖ਼ਬਰ ਨੇ ਵੀ ਮਾਮਲੇ ਨੂੰ ਹੋਰ ਭਖਾਇਆ ਹੈ। ਇਸ ਖ਼ਬਰ ਬਾਰੇ ਬਾਅਦ ਵਿਚ ਸਪੱਸ਼ਟੀਕਰਨ ਦਿੱਤਾ ਗਿਆ ਹੈ ਪਰ ਇਹ ਮੁੱਦਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਇਸ ਸਬੰਧੀ ਚਰਚਾ ਦਾ ਸਖਤ ਵਿਰੋਧ ਕਰਦਿਆਂ ਰੋਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਬੁੱਤ ਸਥਾਪਤ ਕਰਨ ਦੀ ਯੋਜਨਾ ਹੈ ਤਾਂ ਇਹ ਸਿੱਖ ਧਰਮ ਵਿਰੁੱਧ ਮਨਮਤ ਹੈ ਅਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਸਿੱਖ ਧਰਮ ’ਚ ਮੂਰਤੀ ਪੂਜਾ ਲਈ ਕੋਈ ਥਾਂ ਨਹੀਂ ਹੈ ਅਤੇ ਇਹ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੁਰੂ ਸਾਹਿਬ ਦੀ ਕੋਈ ਯਾਦਗਾਰ ਬਣਾਉਣਾ ਚਾਹੁੰਦੀ ਹੈ ਤਾਂ ਉਹ ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਬਣਾਈ ਜਾਵੇ, ਜਿਸ ਤੋਂ ਹਰ ਧਰਮ ਦੇ ਲੋਕ ਸਿੱਖਿਆ ਲੈ ਸਕਣ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਖਸੀਅਤ ਬਰਾਬਰ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਪਰ ਕੋਈ ਅਜਿਹੀ ਯੋਗ ਯਾਦਗਾਰ ਬਣਾਈ ਜਾਵੇ, ਜਿਸ ਤੋਂ ਕੌਮਾਂਤਰੀ ਪੱਧਰ ’ਤੇ ਲੋਕ ਪ੍ਰੇਰਨਾ ਤੇ ਸੁਨੇਹਾ ਲੈਣ।
ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇਕ ਪੱਤਰ ਭੇਜ ਕੇ ਗੁਰਦੁਆਰਾ ਸੀਸਗੰਜ ਦੇ ਨੇੜੇ ਗੁਰੂ ਸਾਹਿਬ ਦਾ ਬੁੱਤ ਲਾਉਣ ਦੀ ਯੋਜਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਬੁੱਤ ਪੂਜਾ ਸਿੱਖ ਸਿਧਾਂਤਾਂ ਖ਼ਿਲਾਫ਼ ਹੈ। ਗੁਰਦੁਆਰਾ ਸੀਸਗੰਜ ਦੇ ਬਾਹਰ ਚਾਂਦਨੀ ਚੌਕ ਵਿਚ ਅਜਿਹਾ ਕੋਈ ਨਿਰਮਾਣ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇ। ਉਨ੍ਹਾਂ ਹੈਰਾਨੀ ਪ੍ਰਗਟਾਈ ਹੈ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਕਿਸੇ ਵੀ ਯੋਜਨਾ ਬਾਰੇ ਦਿੱਲੀ ਕਮੇਟੀ ਨੂੰ ਭਰੋਸੇ ਵਿਚ ਲੈਣ ਦਾ ਯਤਨ ਨਹੀਂ ਕੀਤਾ ਹੈ। ਉਨ੍ਹਾਂ ਭਾਈ ਮਤੀਦਾਸ ਚੌਕ ਵਿਚ ਕੀਤੀ ਉਸਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਥੇ ਉਸਾਰੀ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਇਸ ਸਬੰਧ ਵਿਚ ਦਿੱਲੀ ਕਮੇਟੀ ਨੂੰ ਭਰੋਸੇ ’ਚ ਲਿਆ ਸੀ। ਇਸ ਸਬੰਧ ਵਿਚ ਦਿੱਲੀ ਕਮੇਟੀ ਵੱਲੋਂ ਉਥੇ ਮਦਦ ਵੀ ਕੀਤੀ ਗਈ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰੇ ਦੇ ਬਾਹਰ ਅਜਿਹੀ ਕੋਈ ਉਸਾਰੀ ਨਾ ਕਰਵਾਈ ਜਾਵੇ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਅਜਿਹਾ ਕੁਝ ਵੀ ਕਰਨ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਇਸ ਸਬੰਧੀ ਯੋਜਨਾ ਰੱਦ ਕਰਨ ਦੀ ਅਪੀਲ ਕੀਤੀ ਹੈ।