ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 24 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੂਬਾਈ ਆਗੂ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਖਦੇਵ ਸਿੰਘ ਚੱਕ ਕਲਾਂ ਨੇ ਹਾਲੀਆ ਬੇਮੌਸਮੀ ਬਰਸਾਤ ਨਾਲ ਸਾਉਣੀ ਦੀਆਂ ਫ਼ਸਲਾਂ ਦੇ ਖ਼ਰਾਬੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗੇਤਾ ਪੂਸਾ 44 ਝੋਨਾ 15-20 ਫ਼ੀਸਦ, ਪਰਮਲ 26 ਕਿਸਮ ਦਾ ਝੋਨਾ 10-15 ਫ਼ੀਸਦ ਵੱਡੀ ਪੱਧਰ ’ਤੇ ਮੀਂਹ ਨਾਲ ਬਦਰੰਗ ਹੋ ਕੇ ਖ਼ਰਾਬ ਹੋ ਗਿਆ ਹੈ, ਇਸ ਲਈ ਚਾਰ ਤੋਂ ਸੱਤ ਕਇੰਟਲ ਪ੍ਰਤੀ ਏਕੜ ਨੁਕਸਾਨ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਸਰਕਾਰ ਵੱਲੋਂ ਮੁਆਵਜ਼ੇ ਲਈ ਬਣਾਏ ਕਾਨੂੰਨ ਅਨੁਸਾਰ ਮੁਆਵਜ਼ੇ ਸਮੇਤ ਉਚਿਤ ਵਾਧਾ ਕਰ ਕੇ ਦੱਸ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤੀ ਸਭਾਵਾਂ ਰਾਹੀਂ ਡੀਏਪੀ ਦੀ ਸਪਲਾਈ ਕੇਵਲ 1 ਫ਼ੀਸਦ ਹੋਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਡੀਏਪੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਤਾਂ ਕਿ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਸਮੇਂ ਸਿਰ ਹੋ ਸਕੇ। ਇਸ ਮੌਕੇ ਅਜਮੇਰ ਸਿੰਘ ਮਹਿਲ ਕਲਾਂ ਸਾਬਕਾ ਚੇਅਰਮੈਨ ਅਤੇ ਉੱਘੇ ਟਰਾਂਸਪੋਰਟਰ ਗੁਰਵਿੰਦਰ ਸਿੰਘ ਦਿਉਲ ਮੌਜੂਦ ਸਨ।