ਮੁਕੇਸ਼ ਕੁਮਾਰ
ਚੰਡੀਗੜ੍ਹ, 24 ਸਤੰਬਰ
ਚੰਡੀਗੜ੍ਹ ਸ਼ਹਿਰ ਵਿੱਚ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੇ ਧੜੱਲੇ ਨਾਲ ਹੋ ਰਹੇ ਇਸਤੇਮਾਲ ’ਤੇ ਰੋਕ ਲਾਉਣ ਅਤੇ ਚੰਡੀਗੜ੍ਹ ਨੂੰ ਪੋਲੀਥੀਨ ਮੁਕਤ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤ ਰਵੱਈਆ ਅਖ਼ਤਿਆਰ ਕਰ ਲਿਆ ਹੈ। ਸ਼ਹਿਰ ਵਿੱਚ ਦੁਕਾਨਦਾਰਾਂ, ਖਾਸ ਕਰ ਕੇ ‘ਆਪਣੀ ਮੰਡੀ’ ਵਿੱਚ ਫਲ ’ਤੇ ਸਬਜ਼ੀ ਵੇਚਣ ਵਾਲਿਆਂ ਵੱਲੋਂ ਬਿਨਾ ਕਿਸੇ ਡਰ ਤੋਂ ਪਾਬੰਦੀਸ਼ੁਦਾ ਪੋਲੀਥੀਨ ਲਿਫਾਫੇ ਇਸਤੇਮਾਲ ਕੀਤੇ ਤੇ ਵੇਚੇ ਜਾ ਰਹੇ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਲੈ ਕੇ ਅੱਜ ਐੱਸਡੀਐੱਮ (ਦੱਖਣੀ) ਰੁਪੇਸ਼ ਕੁਮਾਰ ਨੇ ਇੱਥੇ ਸੈਕਟਰ 46 ਵਿੱਚ ਲੱਗਣ ਵਾਲੀ ‘ਆਪਣੀ ਮੰਡੀ’ ਵਿੱਚ ਛਾਪਾ ਮਾਰ ਕੇ ਪੋਲੀਥੀਨ ਦੇ ਲਿਫਾਫੇ ਵੇਚਣ ਵਾਲਿਆਂ ’ਤੇ ਕਾਰਵਾਈ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਐੱਸਡੀਐੱਮ ਰੁਪੇਸ਼ ਕੁਮਾਰ ਨੇ ਸੈਕਟਰ-46 ਦੀ ‘ਆਪਣੀ ਸਬਜ਼ੀ ਮੰਡੀ’ ਵਿੱਚ ਰੇਹੜੀ- ਫੜ੍ਹੀ ਵਾਲਿਆਂ ਨੂੰ ਪੋਲੀਥੀਨ ਦੇ ਲਿਫਾਫੇ ਵੇਚਣ ਵਾਲੇ ਦੋ ਵਿਅਕਤੀਆਂ ਕੋਲੋਂ ਲਗਪਗ ਅੱਧਾ ਕੁਇੰਟਲ ਪਾਬੰਦੀਸ਼ੁਦਾ ਪੋਲੀਥੀਨ ਲਿਫਾਫੇ ਬਰਾਮਦ ਕੀਤੇ ਹਨ। ਐੱਸਡੀਐੱਮ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਵੇਚਦੇ ਹੋਏ ਫੜੇ ਗਏ ਦੋਵੇ ਮੁਲਜ਼ਮਾਂ ਦੀ ਪਛਾਣ ਸ਼ਲਿੰਦਰ ਰਾਵਤ ਅਤੇ ਮੁਹਾਲੀ ਦੇ ਵਿਕਰਮ ਕੁਮਾਰ ਵਜੋਂ ਹੋਈ ਹੈ। ਇਹ ਦੋਵੇਂ ਇੱਥੇ ਆਪਣੇ ਵਾਹਨਾਂ ਰਾਹੀਂ ਇੱਥੇ ਮੰਡੀ ਵਿੱਚ ਫਲ ਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਇਹ ਪਾਬੰਦੀਸ਼ੁਦਾ ਪੋਲੀਥੀਨ ਦੇ ਲਿਫਾਫੇ ਵੇਚਣ ਆਏ ਸਨ। ਐੱਸਡੀਐੱਮ ਨੇ ਇੱਥੇ ਪੋਲੀਥੀਨ ਦੀ ਸਪਲਾਈ ਲਾਈਨ ਵਾਸਤੇ ਨਗਰ ਨਿਗਮ ਦੇ ਮੈਡੀਕਲ ਅਫਸਰ ਸਿਹਤ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।