ਨੌਟਿੰਘਮ, 6 ਅਗਸਤ
ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਭਾਰਤ ਦੀ ਪਹਿਲੀ ਪਾਰੀ 278 ਦੌੜਾਂ ’ਤੇ ਸਿਮਟ ਗਈ ਹੈ। ਮੀਂਹ ਕਰਕੇ ਤੀਜੇ ਸੈਸ਼ਨ ਦੀ ਖੇਡ ਰੁਕਣ ਮੌਕੇ ਮੇਜ਼ਬਾਨ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਇਆਂ 25 ਦੌੜਾਂ ਬਣਾ ਲਈਆਂ ਸਨ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 183 ਦੌੜਾਂ ਬਣਾਈਆਂ ਸਨ, ਜਿਸ ਕਰਕੇ ਭਾਰਤ ਨੂੰ 95 ਦੌੜਾਂ ਦੀ ਲੀਡ ਮਿਲੀ ਹੈ। ਖੇਡ ਰੁਕਣ ਮੌਕੇ ਇੰਗਲੈਂਡ ਦੇ ਰੋਰੀ ਬਰਨਸ ਤੇ ਡੋਮ ਸਬਿਲੀ ਕ੍ਰਮਵਾਰ 11 ਤੇ 9 ਦੌੜਾਂ ਨਾਲ ਨਾਬਾਦ ਸਨ। ਭਾਰਤ ਲਈ ਲੋਕੇਸ਼ ਰਾਹੁਲ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ ਜਦੋਂਕਿ ਰਵਿੰਦਰ ਜਡੇਜਾ ਨੇ ਵੀ ਨੀਮ ਸੈਂਕੜਾ ਜੜਦਿਆਂ 56 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ