ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਜੁਲਾਈ
ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਇਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਵਿਖਾਵਾ ਕਰਦਿਆਂ ਰੇਲ ਆਵਾਜਾਈ ਰੋਕ ਦਿੱਤੀ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਇਥੇ ਪੁੱਜੇ ਕਿਸਾਨਾਂ ਨੇ ਰੇਲ ਪਟੜੀਆਂ ’ਤੇ ਧਰਨਾ ਦਿੱਤਾ। ਉਨ੍ਹਾਂ ਇਥੋਂ ਰਵਾਨਾ ਹੋ ਰਹੀ ਰੇਲ ਗੱਡੀ ਨੂੰ ਰੋਕ ਦਿੱਤਾ। ਕਿਸਾਨ ਆਗੂਆਂ ਨੇ ਆਖਿਆ ਕਿ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਰੇਲ ਆਵਾਜਾਈ ਰੋਕੀ ਗਈ।
ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖਰੇ ਪੱਧਰ ’ਤੇ ਹੋਰ ਥਾਂ ਰੇਲ ਪਟੜੀਆਂ ਤੇ ਧਰਨਾ ਦਿੱਤਾ ਗਿਆ ਹੈ।
ਮਾਨਸਾ(ਜੋਗਿੰਦਰ ਸਿੰਘ ਮਾਨ): ਕੌਮੀ ਪੱਧਰ ‘ਤੇ ਸੰਘਰਸ਼ਸ਼ੀਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਦਿੱਲੀ ਮੋਰਚੇ ਦੀਆਂ ਲਟਕਦੀਆਂ ਕਿਸਾਨੀ ਮੰਗਾਂ ਨੂੰ ਲੈਕੇ ਅੱਜ ਚਾਰ ਘੰਟੇ ਦੇ ਚੱਕਾ ਜਾਮ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਅੰਦਰ ਰੇਲ-ਮਾਰਗ ਅਤੇ ਹਾਈਵੇ ਸੜਕਾਂ ਦੋਨੋਂ ਵੱਖ ਵੱਖ ਥਾਵਾਂ ‘ਤੇ ਜਾਮ ਕੀਤੇ ਗਏ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬਠਿੰਡਾ ਜੰਕਸ਼ਨ ਦੇ ਅੱਠੇ ਰੇਲ ਮਾਰਗਾਂ ਸਮੇਤ ਬੁਢਲਾਡਾ (ਮਾਨਸਾ) ਅਤੇ ਪਟਿਆਲਾ ਵਿਖੇ ਰੇਲਾਂ ਜਾਮ ਅਤੇ ਹੋਰ ਜ਼ਿਲ੍ਹਿਆਂ ਵਿੱਚ ਹਾਈਵੇ ਸਥਿਤ ਟੌਲ ਪਲਾਜ਼ਿਆਂ ਉੱਪਰ ਜਾਮ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਸੜਕਾਂ ਜਾਮ ਕਰਨ ਸਮੇਂ ਐਂਬੂਲੈਂਸਾਂ ਅਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਲੋਕਾਂ ਨੂੰ ਬਕਾਇਦਾ ਲਾਂਘਾ ਦਿੱਤਾ ਗਿਆ।
ਇਸੇ ਦੌਰਾਨ ਹੀ ਦੂਸਰੀਆਂ ਜਥੇਬੰਦੀਆਂ ਵਲੋਂ ਮੋਰਚਾ ਦੀ ਅਗਵਾਈ ਹੇਠ ਮਾਨਸਾ ਅਤੇ ਬਰਨਾਲਾ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿਚ ਬੱਸਾਂ ਦਾ ਨਹੀਂ ਕੀਤਾ ਗਿਆ ਹੈ।
ਪਟਿਆਲਾ(ਸਰਬਜੀਤ ਸਿੰਘ ਭੰਗੂ): ਅੱਜ ਸੰਯੁਕਤ ਕਿਸਾਨ ਮੋਰਚੇ ਦੇ ਰੇਲਾਂ ਰੋਕਣ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜ਼ਿਲ੍ਹਾ ਪਟਿਆਲਾ ਵਿੱਚ ਰੇਲਵੇ ਸਟੇਸ਼ਨ ਪਿੰਡ ਕੌਲੀ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਸੈਂਕੜੇ ਕਿਸਾਨਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਲੋਕਾਂ ਨੇ ਭਾਗ ਲਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਡਾ. ਜਰਨੈਲ ਸਿੰਘ ਕਾਲੇਕੇ, ਸਤਵੰਤ ਸਿੰਘ ਵਜੀਦਪੁਰ, ਗੁਰਨਾਮ ਸਿੰਘ ਭੱਠਲ, ਪਰਮਜੀਤ ਸਿੰਘ, ਦਰਬਾਰਾ ਸਿੰਘ ਖਾਨਪੁਰ, ਮਨਜੀਤ ਸਿੰਘ ਕੌਲੀ, ਸ਼ਿਵ ਰਤਨ, ਖੇਮਰਾਜ, ਬਹਾਦਰ ਸਿੰਘ ਤੇ ਦਰਸ਼ਨ ਸਿੰਘ ਲਾਡੀ ਨੇ ਸੰਬੋਧਨ ਕੀਤਾ।
ਰਾਜਪੁਰਾ(ਬਹਾਦਰ ਸਿੰਘ ਮਰਦਾਂਪੁਰ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਰੇਲ ਰੋਕੋ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਥੋਂ ਦੇ ਰੇਲਵੇ ਸਟੇਸ਼ਨ ਨੇੜੇ ਪਟੜੀ ’ਤੇ ਰੋਸ ਧਰਨਾ ਦਿੱਤਾ।
ਫਿਲੌਰ(ਸਰਬਜੀਤ ਸਿੰਘ ਗਿੱਲ): ਅੱਜ ਇਥੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਰੇਲ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਕੀਤੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰਸਿੰਘ ਪੁਰ, ਜਸਬੀਰ ਸਿੰਘ ਸ਼ੀਰਾ, ਕਮਲਜੀਤ ਸਿੰਘ, ਅਜੀਤ ਸਿੰਘ ਢੇਸੀ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਕਾਮਰੇਡ ਸਵਰਨ ਸਿੰਘ ਅਕਲਪੁਰੀ, ਦਿਹਾਤੀ ਮਜ਼ਦੂਰ ਸਭਾ ਦੇ ਕਾਮਰੇਡ ਜਰਨੈਲ, ਜੀਟੀਯੂ ਦੇ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ, ਐਡਵੋਕੇਟ ਅਜੈ ਫਿਲੌਰ, ਹਰਭਜਨ ਸਿੰਘ ਬਾਜਵਾ, ਸਤਨਾਮ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਪੋਲਾ ਪਰਮਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ ਮੋਤੀਪੁਰ, ਜਰਨੈਲ ਸਿੰਘ ਮੋਤੀਪੁਰ, ਕੁਲਜੀਤ ਸਿੰਘ ਸਲੇਮਪੁਰ, ਦਵਿੰਦਰ ਸਿੰਘ ਸੰਗੋਵਾਲ, ਕੁਲਜਿੰਦਰ ਸਿੰਘ, ਮੱਖਣ ਸਿੰਘ ਸਰਪੰਚ ਪਾਲਾ, ਸਰੂਪ ਸਿੰਘ ਬੱਛੋਵਾਲ, ਇਕਬਾਲ ਸਿੰਘ ਰਸੂਲਪੁਰ, ਸੁਖਵਿੰਦਰ ਸਿੰਘ ਸੁੱਖਾ ਸਗਨੇਵਾਲ ਨੇ ਸੰਬੋਧਨ ਕੀਤਾ। ਡੀਐੱਸਪੀ ਫਿਲੌਰ ਜਗਦੀਸ਼ ਰਾਜ ਦੀ ਅਗਵਾਈ ਹੇਠ ਅਮਨ ਕਾਨੂੰਨ ਦੀ ਹਾਲਤ ਠੀਕ ਬਣਾਈ ਰੱਖਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ। ਰੇਲ ਗੱਡੀਆਂ ਦੀ ਆਵਾਜਾਈ ਬਿਲਕੁਲ ਬੰਦ ਰਹੀ। ਐੱਸਐੱਸਪੀ ਜਲੰਧਰ ਸਵਰਨਦੀਪ ਸਿੰਘ ਨੇ ਵੀ ਸਥਿਤੀ ਦਾ ਜਾਇਜ਼ਾ ਜਾਇਜ਼ਾ ਲਿਆ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ( ਏਕਤਾ ਉਗਰਾਹਾਂ) ਦੇ ਜਾਖਲ ,ਲਹਿਰਾਗਾਗਾ ਅਤੇ ਮੂਨਕ ਬਲਾਕ ਦੀ ਤਰਫੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਾਖਲ ਵਿਖੇ ਗਿਆ। ਇਸ ਸਮੇਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ।
ਪ੍ਰੈੱਸ ਨਾਲ ਗੱਲਬਾਤ ਕਰਨ ਸਮੇਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਵੇਲੇ ਕੁਝ ਮੰਗਾਂ ਮੰਨੀਆਂ ਸਨ, ਉਹ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ। ਧਰਨੇ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਮੂਣਕ ਬਲਾਕ ਦੇ ਪ੍ਰਧਾਨ ਸੁਖਦੇਵ ਕੜੈਲ, ਲਹਿਰਾ ਬਲਾਕ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਅਤੇ ਜਾਖਲ ਦੇ ਪ੍ਰਧਾਨ ਅਜੈ ਸਧਾਣੀ ਨੇ ਸੰਬੋਧਨ ਕੀਤਾ।
ਬਲੂਆਣਾ( ਰਾਜਿੰਦਰ ਕੁਮਾਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅਬੋਹਰ ਰੇਲਵੇ ਸਟੇਸ਼ਨ ’ਤੇ ਧਰਨਾ ਲਾ ਕੇ ਬਠਿੰਡਾ- ਸ੍ਰੀਗੰਗਾਨਗਰ ਰੇਲਵੇ ਟਰੈਕ ਤੇ ਰੇਲ ਸੇਵਾਵਾਂ ਠੱਪ ਕਰ ਦਿੱਤੀਆਂ ਹਨ।
ਕਿਸਾਨ ਆਗੂ ਸੁਖਮੰਦਰ ਸਿੰਘ ਬਜੀਦਪੁਰ ਭੋਮਾ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਅਬੋਹਰ ਦੇ ਰੇਲਵੇ ਟਰੈਕ ਉਪਰ ਧਰਨਾ ਲੱਗਿਆ।