ਚਰਨਜੀਤ ਭੁੱਲਰ
ਚੰਡੀਗੜ੍ਹ, 6 ਅਗਸਤ
ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਿਆਸੀ ਰਸੂਖ਼ ਵਾਲੇ ਫੂਡ ਇੰਸਪੈਕਟਰ ਵੱਲੋਂ ਕਰੋੜਾਂ ਰੁਪਏ ਦਾ ‘ਖੁਰਾਕ ਸਕੈਂਡਲ’ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਕੇਂਦਰ ਦੇ ਫੂਡ ਇੰਸਪੈਕਟਰ ਜਸਦੇਵ ਸਿੰਘ ਵੱਲੋਂ ਕਰੀਬ 16 ਕਰੋੜ ਦੀ ਕਣਕ ਖੁਰਦ ਬੁਰਦ ਕੀਤੀ ਗਈ ਹੈ, ਜਿਸ ਸਬੰਧੀ ਮਹਿਕਮੇ ਨੂੰ ਹੱਥਾਂ-ਪੈਰਾਂ ਦੀ ਪਈ ਹੈ। ਇਹ ਖੁਰਾਕ ਇੰਸਪੈਕਟਰ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਭਾਣਜਾ ਹੈ। ਵੇਰਵਿਆਂ ਅਨੁਸਾਰ, ਜੰਡਿਆਲਾ ਗੁਰੂ ਕੇਂਦਰ ਵਿਚ ਕਰੀਬ ਅੱਠ ਗੁਦਾਮਾਂ ਦੇ ਭੰਡਾਰਨ ਦੀ ਦੇਖ-ਰੇਖ ਫੂਡ ਇੰਸਪੈਕਟਰ ਜਸਦੇਵ ਸਿੰਘ ਹਵਾਲੇ ਸੀ। ਸੂਤਰਾਂ ਅਨੁਸਾਰ, ਕੁਝ ਦਿਨਾਂ ਤੋਂ ਇੰਸਪੈਕਟਰ ਜਸਦੇਵ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ। ਮਹਿਕਮੇ ਨੂੰ ਜਦੋਂ ਉਸ ਦੇ ਘਰ ਤਾਲਾ ਲੱਗਾ ਮਿਲਿਆ ਤਾਂ ਸ਼ੱਕ ਵੱਧ ਗਿਆ। ਸੂਤਰ ਦੱਸਦੇ ਹਨ ਕਿ ਇਹ ਖੁਰਾਕ ਇੰਸਪੈਕਟਰ ਫ਼ਰਾਰ ਹੋ ਗਿਆ ਹੈ।
ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਅੰਮ੍ਰਿਤਸਰ ਨੇ ਫੌਰੀ ਮਹਿਕਮੇ ਦੇ ਮੁੱਖ ਦਫ਼ਤਰ ਨੂੰ ਪੱਤਰ ਲਿਖਿਆ ਕਿ ਫੂਡ ਇੰਸਪੈਕਟਰ ਜਸਦੇਵ ਸਿੰਘ ਡਿਊਟੀ ਤੋਂ ਗੈਰ-ਹਾਜ਼ਰ ਹੈ ਅਤੇ ਗੁਦਾਮਾਂ ’ਚੋਂ ਕਣਕ ਗਾਇਬ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ। ਉਸ ਮਗਰੋਂ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਨੇ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਦੇ ਦਿੱਤੇ। ਮਹਿਕਮੇ ਦੀ ਅੰਦਰੂਨੀ ਵਿਜੀਲੈਂਸ ਕਮੇਟੀ ਦੇ ਮੁਖੀ ਰਾਕੇਸ਼ ਸਿੰਗਲਾ ਦੀ ਅਗਵਾਈ ਵਿੱਚ ਅੱਠ ਟੀਮਾਂ ਦਾ ਗਠਨ ਕੀਤਾ ਗਿਆ। ਵੇਰਵਿਆਂ ਅਨੁਸਾਰ ਇਸ ਟੀਮ ਵੱਲੋਂ ਜੰਡਿਆਲਾ ਗੁਰੂ ਦੇ ਅੱਠ ਗੁਦਾਮਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕਰੀਬ 75 ਹਜ਼ਾਰ ਕੁਇੰਟਲ ਕਣਕ ਘੱਟ ਮਿਲੀ ਹੈ। ਖੁਰਦ ਬੁਰਦ ਹੋਈ ਕਣਕ ਵਿੱਚ ਗ਼ਰੀਬ ਲੋਕਾਂ ਲਈ ਰਾਖਵੀਂ ਪਈ ਕਣਕ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ, ਅਜੇਪਾਲ ਢਿੱਲੋਂ ਗੁਦਾਮ ’ਚ 2700 ਗੱਟੇ, ਜਸਵੰਤ ਸਿੰਘ ਕੋਚਰ ਗੁਦਾਮ ’ਚ 13 ਹਜ਼ਾਰ ਗੱਟੇ, ਸੰਜੇ ਪਲੰਥ ’ਤੇ 1900 ਗੱਟੇ, ਇੰਡੋ ਜਰਮਨ ਪਲੰਥ ’ਤੇ 10 ਹਜ਼ਾਰ ਗੱਟੇ, ਰਾਜਪਾਲ ਓਪਨ ਪਲੰਥ ’ਚ 77 ਹਜ਼ਾਰ, ਕ੍ਰਿਸ਼ਨਾ ਪਲੰਥ ’ਤੇ 37 ਹਜ਼ਾਰ ਗੱਟੇ, ਧਾਨੀ ’ਤੇ 12 ਹਜ਼ਾਰ ਤੇ ਪੇਪਰ ਮਿੱਲ ’ਤੇ 38 ਹਜ਼ਾਰ ਗੱਟਿਆਂ ਤੋਂ ਇਲਾਵਾ ਰਾਜਪਾਲ ਓਪਨ ਪਲੰਥ ’ਤੇ ਗ਼ਰੀਬਾਂ ਵਾਲੀ ਕਣਕ ਦੇ 19 ਹਜ਼ਾਰ ਗੱਟੇ ਗ਼ਾਇਬ ਹਨ। ਇਸ ਕਣਕ ਦੀ ਕੀਮਤ ਬਿਨਾਂ ਸਰਕਾਰੀ ਖਰਚਿਆਂ ਤੋਂ ਕਰੀਬ 16.18 ਕਰੋੜ ਰੁਪਏ ਬਣਦੀ ਹੈ। ਖੁਰਾਕ ਤੇ ਸਪਲਾਈ ਵਿਭਾਗ ਦੀ ਅੰਦਰੂਨੀ ਵਿਜੀਲੈਂਸ ਦੇ ਮੁਖੀ ਡਾ. ਰਾਕੇਸ਼ ਸਿੰਗਲਾ ਨੇ ਕਿਹਾ ਕਿ ਅੱਠ ਟੀਮਾਂ ਨੇ ਜਾਂਚ ਕੀਤੀ ਹੈ ਅਤੇ ਮੁਢਲੀ ਪੜਤਾਲ ਵਿਚ ਕਰੀਬ 15-16 ਕਰੋੜ ਦੀ ਕਣਕ ਖੁਰਦ ਬੁਰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਆਪਣੀ ਰਿਪੋਰਟ ਮੁਕੰਮਲ ਕਰਕੇ ਭਲਕੇ ਮਹਿਕਮੇ ਨੂੰ ਸੌਂਪ ਦੇਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਤਰਫੋਂ ਘਪਲਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਮਹਿਕਮੇ ਨੂੰ ਹੁਣ ਜਸਦੇਵ ਸਿੰਘ ਨੇ ਈਮੇਲ ਭੇਜੀ ਹੈ ਕਿ ਉਹ ਬਾਹਰ ਘੁੰਮਣ ਗਿਆ ਸੀ ਅਤੇ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਜਸਦੇਵ ਸਿੰਘ ਨੇ ਲਿਖਿਆ ਹੈ ਕਿ ਉਸ ਦੀ ਗੈਰ-ਹਾਜ਼ਰੀ ਵਿੱਚ ਕੋਈ ਚੈਕਿੰਗ ਨਾ ਕੀਤੀ ਜਾਵੇ। ਸੂਤਰ ਦਾ ਕਹਿਣਾ ਹੈ ਕਿ ਇਸ ਇੰਸਪੈਕਟਰ ਦੀ ਮਹਿਕਮੇ ਵਿੱਚ ਤੂਤੀ ਬੋਲਦੀ ਰਹੀ ਹੈ, ਜੋ ਆਪਣੇ ਵਿਧਾਇਕ ਮਾਮੇ ਦਾ ਫਾਇਦਾ ਚੁੱਕਦਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹਾਲੇ ਲੰਘੇ ਕੱਲ੍ਹ ਹੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਪਿੱਠ ਥਾਪੜੀ ਸੀ।
ਮਾਮਲੇ ਨਾਲ ਕੋਈ ਸਬੰਧ ਨਹੀਂ : ਜਲਾਲਪੁਰ
ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਖੁਰਾਕ ਇੰਸਪੈਕਟਰ ਜਸਦੇਵ ਸਿੰਘ ਉਨ੍ਹਾਂ ਦਾ ਸਕਾ ਭਾਣਜਾ ਹੈ। ਉਹ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਰਹਿਣ ਕਾਰਨ ਮਾਨਸਿਕ ਤੌਰ ’ਤੇ ਠੀਕ ਨਹੀਂ ਹਨ। ਇਸ ਲਈ ਕੋਈ ਗ਼ਲਤੀ ਹੋਈ ਹੋਵੇਗੀ। ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਤੁਆਲਕ ਨਹੀਂ ਹੈ। ਉਨ੍ਹਾਂ ਨੇ ਕਦੇ ਆਪਣੇ ਭਾਣਜੇ ਦੀ ਸਿਫ਼ਾਰਿਸ਼ ਨਹੀਂ ਕੀਤੀ। ਮਹਿਕਮੇ ਨੂੰ ਜਸਦੇਵ ਦੀ ਬਿਮਾਰੀ ਬਾਰੇ ਜ਼ਰੂਰ ਦੱਸਿਆ ਸੀ।
ਸਖ਼ਤ ਐਕਸ਼ਨ ਲਵਾਂਗੇ: ਭਾਰਤ ਭੂਸ਼ਨ
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਜਦੋਂ ਹੀ ਉਨ੍ਹਾਂ ਦੇ ਮਾਮਲਾ ਧਿਆਨ ਵਿਚ ਆਇਆ, ਉਨ੍ਹਾਂ ਨੇ ਫੌਰੀ ਟੀਮਾਂ ਜਾਂਚ ਲਈ ਭੇਜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁਢਲੇ ਪੜਾਅ ’ਤੇ ਗੜਬੜ ਸਾਹਮਣੇ ਆਈ ਹੈ ਅਤੇ ਪੂਰੀ ਰਿਪੋਰਟ ਆਉਣ ਮਗਰੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋੋਲਰ ਦੀ ਜਾਗ ਵੀ ਮਗਰੋਂ ਹੀ ਖੁੱਲ੍ਹੀ ਹੈ ਅਤੇ ਇਸ ਅਧਿਕਾਰੀ ਦੀ ਭੂਮਿਕਾ ਵੀ ਦੇਖੀ ਜਾਵੇਗੀ।
15 ਪਿੰਡਾਂ ਦੇ ਗ਼ਰੀਬਾਂ ਨੂੰ ਕਣਕ ਦਾ ਦਾਣਾ ਤੱਕ ਨਸੀਬ ਨਹੀਂ ਹੋਇਆ: ਅਕਾਲੀ ਦਲ
ਜੰਡਿਆਲਾ ਗੁਰੂ (ਐੱਸ.ਐੱਸ. ਬੇਦੀ): ਜੰਡਿਆਲਾ ਗੁਰੂ ਫੂਡ ਸਪਲਾਈ ਵਿਭਾਗ ਦੇ ਇੱਕ ਇੰਸਪੈਕਟਰ ’ਤੇ ਬਹੁ ਕਰੋੜੀ ਘਪਲੇ ਦਾ ਦੋਸ਼ ਲਗਾਉਂਦਿਆਂ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਭੀਰੀ ਨੇ ਕਿਹਾ ਕਰੀਬ ਦੋ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਜੰਡਿਆਲਾ ਗੁਰੂ ਸੈਂਟਰ ਨੂੰ ਮੁਫ਼ਤ ਕਣਕ ਦਾ ਕੋਟਾ ਅਲਾਟ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਸੈਂਟਰ ਅਧੀਨ ਆਉਂਦੇ 15 ਪਿੰਡਾਂ ਦੇ ਗ਼ਰੀਬਾਂ ਨੂੰ ਕਣਕ ਦਾ ਇੱਕ ਵੀ ਦਾਣਾ ਨਸੀਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਕੀਤੀ ਗਈ ਜਾਂਚ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹੀ ਹੈ। ਡੀਐੱਫਐੱਸਸੀ ਅੰਮ੍ਰਿਤਸਰ ਸੱਤ ਰਾਜ ਰਿਸ਼ੀ ਮਹਿਰਾ ਨੇ ਕਿਹਾ ਜੰਡਿਆਲਾ ਗੁਰੂ ਸੈਂਟਰ ਵਿੱਚ ਕਣਕ ਵੰਡਣ ਵਿਚ ਗੜਬੜੀ ਸਬੰਧੀ ਜਾਂਚ ਚੱਲ ਰਹੀ ਹੈ। ਜਾਂਚ ਪੂਰੀ ਹੋਣ ’ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।