ਪ੍ਰਭੂ ਦਿਆਲ
ਸਿਰਸਾ, 24 ਸਤੰਬਰ
ਨਗਰ ਪਰਿਸ਼ਦ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਦਿਤਿਆ ਚੌਟਾਲਾ ਅੱਜ ਨਗਰ ਪਰਿਸ਼ਦ ਦੇ ਦਫ਼ਤਰ ਭੇਡਾਂ ਲੈ ਆਏ ਤੇ ਉਨ੍ਹਾਂ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਆਪਣੀ ਹੀ ਸਰਕਾਰ ਦੇ ਅਧਿਕਾਰੀਆਂ ਉੱਤੇ ਕਈ ਗੰਭੀਰ ਦੋਸ਼ ਲਾਏ। ਨਗਰ ਪਰਿਸ਼ਦ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਸ੍ਰੀ ਚੌਟਾਲਾ ਨੇ ਕਿਹਾ ਕਿ ਨਗਰ ਪਰਿਸ਼ਦ ’ਚ ਉਹ ਇਕ ਆਮ ਨਾਗਰਿਕ ਵਜੋਂ ਆਏ ਹਨ ਪਰ ਇਥੇ ਆਮ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਹੈ, ਜਿਸ ਕਾਰਨ ਮੈਂ ਭੇਡਾਂ ਲਿਆ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਧਿਕਾਰੀ ਕਿਸ ਤਰ੍ਹਾਂ ਆਮ ਲੋਕਾਂ ਨੂੰ ਭੇਡਾਂ ਸਮਝ ਰਹੇ ਹਨ। ਸ੍ਰੀ ਚੌਟਾਲਾ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਆਨਲਾਈਨ ਸਿਸਟਮ ਲਾਗੂ ਕੀਤਾ ਹੈ ਪਰ ਕਰਮਚਾਰੀ ਹਾਲੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਅਧਿਕਾਰੀ ਕਥਿਤ ਤੌਰ ’ਤੇ ਰਿਸ਼ਵਤ ਲੈਣ ਲਈ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਕਲੋਨੀ ਨੂੰ ਅਪਰੂਵ ਕਰਵਾਉਣ ਲਈ ਸਰਕਾਰ ਨੂੰ ਕਰੋੜਾਂ ਰੁਪਏ ਦੀ ਫੀਸ ਜਮ੍ਹਾਂ ਕਰਵਾਈ ਗਈ ਪਰ ਅਧਿਕਾਰੀ ਕਲੋਨੀ ਦਾ ਰਿਕਾਰਡ ਦਰੁਸਤ ਨਹੀਂ ਕਰ ਰਹੇ। ਰਿਕਾਰਡ ਵਿੱਚ ਕਮੀਆਂ ਦਸ ਕੇ ਲੋਕਾਂ ਨੂੰ ਚੱਕਰ ਲਾਉਣ ਲਈ ਮਜਬੂਰ ਕਰ ਰਹੇ ਹਨ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਮਲਿਕ ਨੇ ਆਖਿਆ ਕਿ ਉਹ ਕਾਨੂੰਨ ਮੁਤਾਬਕ ਆਪਣਾ ਕਰ ਰਹੇ ਹਨ ਪਰ ਭਾਜਪਾ ਆਗੂ ਜੋ ਕਰ ਰਹੇ ਹਨ ਉਹ ਮਹਿਜ਼ ਆਪਣੀ ਪ੍ਰਸਿੱਧੀ ਲਈ ਕਰ ਰਹੇ ਹਨ।