ਹਰਜੀਤ ਲਸਾੜਾ
ਬ੍ਰਿਸਬੇਨ, 19 ਨਵੰਬਰ
ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਜਿੱਥੇ ਭਾਰਤੀ ਕਿਸਾਨਾਂ ਅਤੇ ਕਿਰਤੀਆਂ ਨੇ ਖ਼ੁਸ਼ੀ ਮਨਾਈ, ਉੱਥੇ ਸਮੁੱਚੇ ਆਸਟਰੇਲੀਆ ਵਿੱਚ ਕਿਸਾਨ ਹਿਤੈਸ਼ੀ ਵਿਦੇਸ਼ੀ ਭਾਈਚਾਰੇ ਦੇ ਚਿਹਰਿਆਂ ’ਤੇ ਖ਼ੁਸ਼ੀ ਦੀ ਲਹਿਰ ਹੈ। ਇੱਥੇ ਬ੍ਰਿਸਬੇਨ ਸ਼ਹਿਰ ਤੋਂ ‘ਕਿਸਾਨ ਏਕਤਾ ਕਲੱਬ ਆਸਟਰੇਲੀਆ’ ਦੀ ਅਗਵਾਈ ਹੇਠ ਸਮੂਹ ਜਥੇਬੰਦੀਆਂ, ਕਲੱਬਾਂ ਤੇ ਸੰਸਥਾਵਾਂ ਨੇ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਸਮੂਹਿਕ ਆਵਾਜ਼ ਬੁਲੰਦ ਕੀਤੀ ਅਤੇ ਕਿਸਾਨੀ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ। ਇਹ ਪ੍ਰਗਟਾਵਾ ਸਮੂਹ ਜਥੇਬੰਦੀਆਂ ਦੇ ਆਗੂਆਂ ਅਤੇ ਮੈਂਬਰਾਂ ਨੇ ਇੱਥੇ ਮੀਡੀਆ ਨਾਲ ਕੀਤਾ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਵੀ ਕਿਸਾਨੀ ਦੇ ਕਈ ਮੁੱਦੇ ਬਕਾਇਆ ਹਨ ਜਿਨ੍ਹਾਂ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਅਤੇ ਘੱਟੋ-ਘੱਟ ਸਮਰਥਨ ਮੁੱਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਿਜਦਾ ਕਰਨਾ ਬਣਦਾ ਹੈ ਜਿਨ੍ਹਾਂ ਦੀ ਸ਼ਹਾਦਤ ਨੂੰ ਅੱਜ ਬੂਰ ਪਿਆ ਹੈ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਤੇ ਹੁਣ ਉਨ੍ਹਾਂ ਨੂੰ 700 ਕਿਸਾਨਾਂ ਦੀ ਮੌਤ ਅਤੇ ਬੇਗੁਨਾਹ ਕਿਸਾਨਾਂ ’ਤੇ ਹੋਏ ਜ਼ੁਲਮਾਂ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇੱਥੇ ਕਿਸਾਨ ਏਕਤਾ ਕਲੱਬ ਆਸਟਰੇਲੀਆ, ਆਸਟਰੇਲੀਅਨ ਪੰਜਾਬੀ ਲੇਖਕ ਸਭਾ, ਮਾਝਾ ਯੂਥ ਕਲੱਬ, ਹੋਪਿੰਗ ਇਰਾ ਆਸਟਰੇਲੀਆ, ਇਪਸਾ, ਗੁਰੂ ਨਾਨਕ ਵੈੱਲਫੇਅਰ ਸੋਸਾਇਟੀ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਦੋਆਬਾ ਕਿਸਾਨ ਯੂਨੀਅਨ, ਸਰਦਾਰ ਜੀ ਇੰਡੀਅਨ ਰੈਸਟੋਰੈਂਟ, ਓਨ ਕ੍ਰਿਊ ਅਤੇ ਸਮੂਹ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।