ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਜੁਲਾਈ
ਪੰਜਾਬ ਵਿੱਚ ਕਰੀਬ 30 ਲੱਖ ਹੈਕਟੇਅਰ ਰਕਬੇ ਵਿੱਚ ਲਾਇਆ ਝੋਨਾ ਅਤੇ ਬਾਸਮਤੀ ਦੀ ਫ਼ਸਲ ਮੌਨਸੂਨ ਦੀ ਉਡੀਕ ਲੰਬੀ ਹੋਣ ਕਾਰਨ ਪਾਣੀ ਨੂੰ ਤਰਸ ਰਹੀ ਹੈ ਤੇ ਝੋਨਾ ਸੁੱਕਣ ਕਿਨਾਰੇ ਪਹੁੰਚ ਗਿਆ ਹੈ। 100 ਰੁਪਏ ਲਿਟਰ ਨੂੰ ਢੁੱਕਿਆ ਡੀਜ਼ਲ ਬਾਲਣ ਦੀ ਹਰੇਕ ਕਿਸਾਨ ’ਚ ਹਿੰਮਤ ਨਹੀਂ ਹੈ। 100 ਸਾਲ ਪੁਰਾਣਾ ਨਹਿਰੀ ਸਿਸਟਮ ਤੇ 50 ਸਾਲ ਪੁਰਾਣੇ ਬਿਜਲੀ ਪ੍ਰਬੰਧ ਵਿੱਚ ਵਿਆਪਕ ਸੁਧਾਰ ਨਾ ਹੋਣ ਕਾਰਨ ਹੁਣ ਟਿੱਬਿਆਂ ’ਤੇ ਪਾਣੀ ਚੜ੍ਹਾਉਣ ਅਤੇ ਨਿਰਵਿਘਨ ਬਿਜਲੀ ਦੇ ਦਾਅਵੇ ਖੋਖਲੇ ਜਾਪਣ ਲੱਗੇ ਹਨ।
ਸੂਬੇ ਵਿਚਲੇ 13.24 ਲੱਖ ਟਿਊਬਵੈੱਲਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ 3 ਘੰਟੇ ਅਤੇ ਕਈ ਬਿਜਲੀ ਕੱਟਾਂ ਵਿੱਚ ਤਬਦੀਲ ਹੋ ਗਿਆ ਹੈ। ਪਿਛਲੇ ਮਹੀਨੇ ਆਈਆਂ ਹਨੇਰੀਆਂ ਕਾਰਨ ਪਾਵਰਕੌਮ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਹੁਣ ਗਰਮੀ ਤੇ ਔੜ ਕਰਕੇ 24000 ਟਰਾਂਸਫ਼ਾਰਮਰਾਂ ’ਤੇ ਲੋਡ ਵੱਧ ਗਿਆ ਹੈ। ਸਰਸਰੀ ਨਜ਼ਰ ਮਾਰੀਏ ਤਾਂ ਪੰਜਾਬ ਦੇ ਇਕ ਸਦੀ ਤੋਂ ਵੱਧ ਪੁਰਾਣੇ ਨਹਿਰੀ ਸਿਸਟਮ ਵਿੱਚ ਸੁਧਾਰ ਦੀ ਲੋੜ ਹੈ। ਹੁਣ ਤਾਂ ਇੰਦਰ ਦੇਵਤਾ ਹੀ ਕਿਸਾਨਾਂ ਦੀ ਆਸ ਨੂੰ ਪੁਗਾਉਂਦੇ ਹੋਏ ਝੋਨੇ ਦੀ ਫ਼ਸਲ ਨੂੰ ਬਰਬਾਦ ਹੋਣ ਤੋਂ ਬਚਾਅ ਸਕਦੇ ਹਨ।
ਇਲਾਕਾ ਵਾਸੀ ਸੁਰਜੀਤ ਸਿੰਘ ਮਾਹਲ, ਜਸਬੀਰ ਸਿੰਘ ਕਾਠ, ਬਲਵੀਰ ਸਿੰਘ ਸ਼ਤਰਾਣਾ ਤੇ ਭੁਪਿੰਦਰਜੀਤ ਸਿੰਘ ਨੇ ਕਿਹਾ ਹੈ ਕਿ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜੈਨਰੇਟਰਾਂ ਰਾਹੀਂ ਮੋਟਰਾਂ ਚਲਾ ਕੇ ਫਸਲਾਂ ਬਚਾਉਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਸੋਕੇ ਨਾਲ ਨਜਿੱਠਣ ਲਈ ਵਿਉਂਦਬੰਦੀ ਕਰੇ ਤੇ ਕਿਸਾਨਾਂ ਦੀ ਬਾਂਹ ਫੜੇ।
ਇਸੇ ਦੌਰਾਨ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮੰਗ ਕੀਤੀ ਕਿ ਸਰਕਾਰ 8 ਘੰਟੇ ਨਿਰਵਿਘਨ ਬਿਜਲੀ ਅਤੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਏ।