ਮਨਦੀਪ ਸਿੰਘ ਸਿੱਧੂ
ਬੋਮਨ ਸ਼ਰਾਫ਼ ਉਰਫ਼ ਬੀ. ਸ਼ਰਾਫ਼ ਉਰਫ਼ ਬਮਨ ਸ਼ਰਾਫ਼ (ਡੇਅਰ ਡੇਵਿਲ) ਦੀ ਪੈਦਾਇਸ਼ ਗੁਜਰਾਤ ਵਿੱਚ ਹੋਈ। ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਚੁੱਪ ਫਿਲਮਾਂ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਬੋਲਦੀਆਂ ਫਿਲਮਾਂ ਵਿੱਚ ਮੁੱਖ ਅਦਾਕਾਰ, ਸਾਥੀ ਅਦਾਕਾਰ, ਚਰਿੱਤਰ ਅਦਾਕਾਰ, ਫਿਲਮਸਾਜ਼, ਹਿਦਾਇਤਕਾਰ, ਕਹਾਣੀਨਵੀਸ, ਪ੍ਰੋਡਕਸ਼ਨ ਮੈਨੇਜਰ ਵਜੋਂ ਆਪਣੀ ਪੁਖ਼ਤਾ ਪਛਾਣ ਬਣਾਈ। ਉਸ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਸਿਰਫ਼ ਇੱਕ ਪੰਜਾਬੀ ਫਿਲਮ ਬਤੌਰ ਫਿਲਮਸਾਜ਼ ਬਣਾਈ।
ਜਦੋਂ ਇੰਪੀਰੀਅਲ ਫਿਲਮ ਕੰਪਨੀ, ਬੰਬੇ ਨੇ ਬੀ. ਪੀ. ਮਿਸ਼ਰਾ ਦੀ ਹਿਦਾਇਤਕਾਰੀ ਵਿੱਚ ਚੁੱਪ ਫਿਲਮ ‘ਦੋ ਧਾਰੀ ਤਲਵਾਰ’ ਉਰਫ਼ ‘ਚੈਲੰਜ’ (1929) ਬਣਾਈ ਤਾਂ ਬੋਮਨ ਸ਼ਰਾਫ਼ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਉਸ ਨੇ ਫਿਲਮ ਵਿੱਚ ਸਹਾਇਕ ਅਦਾਕਾਰ ਦੀ ਭੂਮਿਕਾ ਨਿਭਾਈ ਜਦੋਂ ਕਿ ਮਰਕਜ਼ੀ ਕਿਰਦਾਰ ਵਿੱਚ ਈ. ਬਿਲੀਮੌਰੀਆ ਤੇ ਇਰੀਮੀਲੀਨ ਮੌਜੂਦ ਸਨ। ਇਸ ਤੋਂ ਬਾਅਦ ਉਸ ਨੇ ਕੁਝ ਹੋਰ ਚੁੱਪ ਫਿਲਮਾਂ ‘ਚ ਆਪਣੀ ਅਦਾਕਾਰੀ ਦੀ ਖ਼ੂਬਸੂਰਤ ਨੁਮਾਇਸ਼ ਕੀਤੀ।
ਚੁੱਪ ਫਿਲਮਾਂ ਤੋਂ ਬਾਅਦ ਜਦੋਂ ਜੇ. ਬੀ. ਐੱਚ. ਵਾਡੀਆ ਨੇ ਆਪਣੇ ਫਿਲਮਸਾਜ਼ ਅਦਾਰੇ ਵਾਡੀਆ ਮੂਵੀਟੋਨ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਲਾਲ-ਏ-ਯਮਨ’ ਉਰਫ਼ ‘ਪਰਵੇਜ਼ ਪਰੀਜ਼ਾਦ’ (1933) ਬਣਾਈ ਤਾਂ ਉਸ ਨੂੰ ‘ਬਾਂਦਰ ਆਦਮੀ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਫਿਲਮ ‘ਚ ਜਲ ਖੰਬਾਟਾ ਨੇ ‘ਸ਼ਹਿਜ਼ਾਦਾ’ ਦਾ ਤੇ ਪਦਮਾ ਦੇਵੀ ਨੇ ਰਾਜਕੁਮਾਰੀ ‘ਪਰੀਜ਼ਾਦ’ ਦਾ ਸੋਹਣਾ ਪਾਰਟ ਅਦਾ ਕੀਤਾ। ਵਾਡੀਆ ਮੂਵੀਟੋਨ ਦੁਆਰਾ ਬਣਾਈ ਗਈ ਇਸ ਪਹਿਲੀ ਬੋਲਦੀ ਫਿਲਮ ਦਾ ਦੂਜਾ ਭਾਗ ‘ਨੂਰ-ਏ-ਯਮਨ’ (1935) ਦੇ ਨਾਮ ਨਾਲ ਨੁਮਾਇਸ਼ ਕੀਤਾ ਗਿਆ ਸੀ। ਵਾਡੀਆ ਮੂਵੀਟੋਨ, ਬੰਬੇ ਦੀ ਜੇ. ਬੀ. ਐੱਚ. ਵਾਡੀਆ ਦੀ ਹਿਦਾਇਤਕਾਰੀ ਵਿੱਚ ਰਿਲੀਜ਼ ਫਿਲਮ ‘ਬਾਗ-ਏ-ਮਿਸਰ’ ਉਰਫ਼ ‘ਸ਼ਾਨ-ਏ-ਇਸਲਾਮ’ (1934) ‘ਚ ਬੋਮਨ ਸ਼ਰਾਫ਼ ਨੇ ਵਫ਼ਾਦਾਰ ‘ਅਸਲਮ’ ਦਾ ਕਿਰਦਾਰ ਨਿਭਾਇਆ। ਫਿਲਮ ‘ਚ ਫਿਰੋਜ਼ ਦਸਤੂਰ ਨੇ ਰਾਜਕੁਮਾਰ ‘ਕਮਰ’ ਦਾ ਅਤੇ ਮਿਸ ਪਦਮਾ ਨੇ ‘ਸਮੀਰਾ’ ਦਾ ਮਰਕਜ਼ੀ ਪਾਰਟ ਅਦਾ ਕੀਤਾ। ਵਾਡੀਆ ਮੂਵੀਟੋਨ ਦੀ ਹੀ ਹੋਮੀ ਵਾਡੀਆ ਨਿਰਦੇਸ਼ਿਤ ਸਟੰਟ ਫਿਲਮ ‘ਵੀਰ ਭਾਰਤ’ ਉਰਫ਼ ‘ਸ਼ੇਰੇ ਹਿੰਦ’ (1934) ‘ਚ ਉਸ ਨੇ ਜਨਰਲ ਜਯਪਾਲ ਸਿੰਘ ਦਾ ਚਰਿੱਤਰ ਕਿਰਦਾਰ ਨਿਭਾ ਰਹੇ ਮਾਸਟਰ ਮੁਹੰਮਦ ਦੇ ਪੁੱਤਰ ‘ਸੁਰਿੰਦਰ’ ਦਾ ਮੁੱਖ ਪਾਰਟ ਜਿਸ ਦੇ ਹਮਰਾਹ ਨੂਰਜਹਾਂ ਰਾਜਕੁਮਾਰੀ ‘ਹੰਸਾ’ ਦਾ ਪਾਤਰ ਨਿਭਾ ਰਹੀ ਸੀ। ਕਹਾਣੀ ਤੇ ਐਡੀਟਿੰਗ ਹੋਮੀ ਬੀ. ਵਾਡੀਆ, ਮੰਜ਼ਰਨਾਮਾ ਬੋਮਨ ਸ਼ਰਾਫ਼, ਮੁਕਾਲਮੇ ਰਾਮਜੀ ਬੀ. ਆਰੀਆ, ਗੀਤ ਜੋਸਫ਼ ਡੇਵਿਡ ਅਤੇ ਸੰਗੀਤ ਮਾਸਟਰ ਮੁਹੰਮਦ ਨੇ ਮੁਰੱਤਬਿ ਕੀਤਾ। ਇਹ ਫਿਲਮ 29 ਮਾਰਚ 1934 ਨੂੰ ਪਿਕਚਰ ਹਾਊਸ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ। ਵਾਡੀਆ ਮੂਵੀਟੋਨ ਦੀ ਹੀ ਜੇ. ਬੀ. ਵਾਡੀਆ ਨਿਰਦੇਸ਼ਿਤ ਫਿਲਮ ‘ਦੇਸ਼ ਦੀਪਕ’ ਉਰਫ਼ ‘ਜੋਸ਼-ਏ-ਵਤਨ’ (1935) ‘ਚ ਉਸ ਨੇ ‘ਦੇਸ਼ ਭਗਤ’ ਦਾ ਪਾਰਟ ਨਿਭਾਇਆ। ਦੀਗ਼ਰ ਫ਼ਨਕਾਰਾਂ ‘ਚ ਸ਼ਰੀਫ਼ਾ, ਨਾਦੀਆ, ਹੁਸਨ ਬਾਨੋ, ਮਾਸਟਰ ਜੈ ਦੇਵ (ਸੰਗੀਤਕਾਰ), ਜਾਨ ਕਾਵਸ ਆਦਿ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਇਹ ਫਿਲਮ 22 ਨਵੰਬਰ 1935 ਨੂੰ ਪਿਕਚਰ ਹਾਊਸ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਵਾਡੀਆ ਅਦਾਰੇ ਦੀ ਹੀ ਹੋਮੀ ਵਾਡੀਆ ਨਿਰਦੇਸ਼ਿਤ ਸਟੰਟ ਫਿਲਮ ‘ਹੰਟਰਵਾਲੀ’ (1935) ‘ਚ ਬੋਮਨ ਨੇ ‘ਜਸਵੰਤ’ ਦਾ ਤੇ ਉਸ ਦੇ ਰੂਬਰੂ ਨਾਦੀਆ ਫੀਅਰਲੈੱਸ ਨੇ ਰਾਜਕੁਮਾਰੀ ‘ਮਾਧੁਰੀ’ ਦਾ ਕਿਰਦਾਰ ਅਦਾ ਕੀਤਾ। ਇਹ ਫਿਲਮ 6 ਨਵੰਬਰ 1935 ਨੂੰ ਪਿਕਚਰ ਹਾਊਸ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਵਾਡੀਆ ਮੂਵੀਟੋਨ, ਬੰਬੇ ਦੀ ਹਰਸ਼ਦ ਰਾਏ ਮਹਿਤਾ ਨਿਰਦੇਸ਼ਿਤ ਫਿਲਮ ‘ਪਹਾੜੀ ਕੰਨਿਆ’ (1936) ‘ਚ ਬੋਮਨ ਨੇ ਸਹਾਇਕ ਅਦਾਕਾਰ ਦਾ ਪਾਰਟ ਅਦਾ ਕੀਤਾ ਜਦੋਂ ਕਿ ਨਾਦੀਆ ਤੇ ਸਰਦਾਰ ਮਨਸੂਰ ਮਰਕਜ਼ੀ ਕਿਰਦਾਰ ਨਿਭਾ ਰਹੇ ਸਨ। ਵਾਡੀਆ ਦੀ ਹੀ ਫਿਲਮ ‘ਹਰੀਕੇਨ ਹੰਸਾ’ (1937) ‘ਚ ਬੋਮਨ ਸ਼ਰਾਫ਼ ਨੇ ‘ਮੋਟੂ’ ਦਾ ਮਜ਼ਾਹੀਆ ਪਾਰਟ ਅਦਾ ਕੀਤਾ ਜਦੋਂ ਕਿ ‘ਹਰੀਕੇਨ ਹੰਸਾ’ ਦਾ ਟਾਈਟਲ ਰੋਲ ਨਾਦੀਆ ਕਰ ਰਹੀ ਸੀ, ਜਿਸ ਦੇ ਰੂਬਰੂ ਸਰਦਾਰ ਮਨਸੂਰ ‘ਦਿਲੇਰ’ ਦੇ ਕਿਰਦਾਰ ਵਿੱਚ ਮੌਜੂਦ ਸਨ। ਇਹ ਫਿਲਮ ਸ਼ੁੱਕਰਵਾਰ 4 ਜੂਨ ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ।
1940ਵਿਆਂ ਦੇ ਦਹਾਕੇ ਵਿੱਚ ਵੀ ਬੋਮਨ ਸ਼ਰਾਫ਼ ਨੇ ਕਈ ਯਾਦਗਾਰੀ ਹਿੰਦੀ ਫਿਲਮਾਂ ਵਿੱਚ ਕਿਰਦਾਰਨਿਗਾਰੀ ਕੀਤੀ। ਵਾਡੀਆ ਮੂਵੀਟੋਨ, ਬੰਬੇ ਦੀ ਹੋਮੀ ਵਾਡੀਆ ਤੇ ਰਾਮਜੀ ਆਰੀਆ ਨਿਰਦੇਸ਼ਿਤ ਫਿਲਮ ‘ਹਿੰਦ ਕਾ ਲਾਲ’ (1940) ‘ਚ ਉਸ ਨੇ ‘ਮਾਲੂ’ ਦਾ ਰੋਲ ਕੀਤਾ ਜਦੋਂ ਕਿ ਰਾਧੀ ਰਾਣੀ (ਕਮਲਾ ਕੁਮਾਰੀ) ਤੇ ਸਰਦਾਰ ਮਨਸੂਰ (ਪ੍ਰੇਮ ਕੁਮਾਰ) ਮੁੱਖ ਪਾਰਟ ਨਿਭਾ ਰਹੇ ਸਨ। ਵਾਡੀਆ ਮੂਵੀਟੋਨ, ਬੰਬੇ ਦੀ ਰਾਮਜੀ ਆਰੀਆ ਨਿਰਦੇਸ਼ਿਤ ਪੌਰਾਣਿਕ ਫਿਲਮ ‘ਮੰਥਨ’ ਉਰਫ਼ ‘ਜਸਟਿਸ ਆਫ ਵਿਕਰਮ’ (1941) ‘ਚ ਉਸ ਨੇ ਰਾਮਜੀ ਦੇ ਸਹਾਇਕ ਹਿਦਾਇਤਕਾਰ ਦਾ ਪਾਰਟ ਅਦਾ ਕੀਤਾ। ਬਸੰਤ ਪਿਕਚਰਜ਼, ਬੰਬੇ ਦੀ ਬਟੁੱਕ ਭੱਟ ਨਿਰਦੇਸ਼ਿਤ ਸਟੰਟ ਫਿਲਮ ‘ਹੰਟਰਵਾਲੀ ਕੀ ਬੇਟੀ’ ਉਰਫ਼ ‘ਡਾਟਰ ਆਫ ਹੰਟਰਵਾਲੀ’ (1943) ‘ਚ ਬੋਮਨ ਨੇ ਸਾਥੀ ਅਦਾਕਾਰ ਦਾ ਕਿਰਦਾਰ ਨਿਭਾਇਆ। ਵਾਡੀਆ ਮੂਵੀਟੋਨ, ਬੰਬੇ ਜੇ. ਬੀ. ਐੱਚ. ਵਾਡੀਆ ਨਿਰਦੇਸ਼ਿਤ ਫਿਲਮ ‘ਵਿਸ਼ਵਾਸ’ (1943) ਆਦਿ ਉਸ ਦੀ ਅਦਾਕਾਰੀ ਨਾਲ ਜੁੜੀਆਂ ਫਿਲਮਾਂ ਸਨ।
ਸਹਾਇਕ ਹਿਦਾਇਤਕਾਰ ਵਜੋਂ ਉਸ ਨੇ ਵਾਡੀਆ ਮੂਵੀਟੋਨ, ਬੰਬੇ ਦੀ ਹੋਮੀ ਵਾਡੀਆ ਨਿਰਦੇਸ਼ਿਤ ਸਟੰਟ ਫਿਲਮ ‘ਮਿਸ ਫਰੰਟੀਅਰ ਮੇਲ’ (1936), ਵਾਡੀਆ ਦੀ ਹੀ ਹੋਮੀ ਵਾਡੀਆ ਨਿਰਦੇਸ਼ਿਤ ਫਿਲਮ ‘ਜੰਗਲ ਪ੍ਰਿੰਸੇਸ’ (1942), ਬਸੰਤ ਪਿਕਚਰਜ਼, ਬੰਬੇ ਦੀ ਹੋਮੀ ਵਾਡੀਆ ਨਿਰਦੇਸ਼ਿਤ ਸਟੰਟ ਫਿਲਮ ‘ਫਲਾਇੰਗ ਪ੍ਰਿੰਸ’ (1946) ਦੇ ਨਾਮ ਕਾਬਿਲ-ਏ-ਜ਼ਿਕਰ ਹਨ। ਇਨ੍ਹਾਂ ਫਿਲਮਾਂ ਦੀ ਹਿਦਾਇਤਕਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਸਹਾਇਕ ਭੂਮਿਕਾਵਾਂ ਵੀ ਨਿਭਾਈਆਂ।
ਆਜ਼ਾਦਾਨਾ ਹਿਦਾਇਤਕਾਰ ਵਜੋਂ ਬੋਮਨ ਸ਼ਰਾਫ਼ ਦੀ ਪਹਿਲੀ ਹਿੰਦੀ ਸਟੰਟ ਫਿਲਮ ‘ਤੂਫ਼ਾਨੀ ਤੀਰਅੰਦਾਜ਼’ (1947) ਸੀ। ਫਿਲਮ ‘ਚ ਫੀਅਰਲੈੱਸ ਨਾਦੀਆ ਨੇ ‘ਲਕਸ਼ਮੀ’ ਦਾ, ਪ੍ਰਕਾਸ਼ ਨੇ ‘ਰਾਜਕੁਮਾਰ’ ਦਾ ਤੇ ਬੋਮਨ ਸ਼ਰਾਫ਼ ਨੇ ‘ਡਾਕਟਰ ਨੱਥੂ’ ਦਾ ਕਿਰਦਾਰ ਨਿਭਾਇਆ। ਕਹਾਣੀ ਬੋਮਨ ਸ਼ਰਾਫ਼, ਮੁਕਾਲਮੇ ਅਬਦੁੱਲ ਰਸ਼ੀਦ, ਮੁਕਾਲਮਾ ਹਿਦਾਇਤਕਾਰ ਅਬਦੁੱਲ ਰਸ਼ੀਦ, ਗੀਤ ਬੇਗ਼ਮ ਅਜ਼ੀਜ਼ ਮਿਆਨੀ ਅਤੇ ਸੰਗੀਤਕਾਰ ਏ. ਕਰੀਮ ਸਨ। ਹਿਦਾਇਤਕਾਰ ਵਜੋਂ ਬੋਮਨ ਸ਼ਰਾਫ਼ (ਸਹਾਇਕ ਅੰਬਾ ਜੀ) ਦੀ ਦੂਜੀ ਤੇ ਅੱਧੀ ਰੰਗੀਨ ਹਿੰਦੀ ਫਿਲਮ ‘ਸ਼ੇਰ ਦਿਲ’ (1954) ਸੀ। ਫਿਲਮ ‘ਚ ਨਾਦੀਆ ਤੇ ਜੌਨ ਕਾਵਸ ਨੇ ਮੁੱਖ ਕਿਰਦਾਰ ਨਿਭਾਏ ਜਦਕਿ ਸ਼ਾਰਦਾ ਨੇ ਮਹਿਮਾਨ ਭੂਮਿਕਾ ਅਦਾ ਕੀਤੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਬੋਮਨ ਸ਼ਰਾਫ਼, ਮੁਕਾਲਮਾ ਹਿਦਾਇਤਕਾਰ ਪੰਡਤ ਚਾਂਦ, ਗੀਤ ਰਾਜਾ ਮਹਿੰਦੀ ਅਲੀ ਖ਼ਾਨ, ਪ੍ਰੀਤਮ ਤੇ ਦੀਪਕ ਨੇ ਤਹਿਰੀਰ ਕੀਤੇ ਜਦੋਂਕਿ ਸੰਗੀਤਕ ਤਰਜ਼ਾਂ ਦੇ ਸਿਰਜਕ ਸ਼ਫ਼ੀ ਐੱਮ. ਨਾਗਰੀ ਸਨ।
ਪ੍ਰੋਡਕਸ਼ਨਜ਼ ਮੈਨੇਜਰ ਵਜੋਂ ਬੋਮਨ ਸ਼ਰਾਫ਼ ਨੇ ਬਸੰਤ ਪਿਕਚਰਜ਼, ਬੰਬੇ ਦੀ ਹੋਮੀ ਵਾਡੀਆ ਨਿਰਦੇਸ਼ਿਤ ਫਿਲਮ ‘ਜਿੰਬੋ’ (1958), ਵਾਡੀਆ ਮੂਵੀਟੋਨ, ਬੰਬੇ ਦੀ ਜੇ. ਬੀ. ਐੱਚ. ਵਾਡੀਆ ਨਿਰਦੇਸ਼ਿਤ ਫਿਲਮ ‘ਦੁਨੀਆ ਝੁਕਤੀ ਹੈ’ (1960), ਨਯਾ ਫਿਲਮਜ਼, ਬੰਬੇ ਦੀ ਰਾਜ ਖੋਸਲਾ ਨਿਰਦੇਸ਼ਿਤ ਫਿਲਮ ‘ਬੰਬਈ ਕਾ ਬਾਬੂ’ (1960), ਬਸੰਤ ਪਿਕਚਰਜ਼, ਬੰਬੇ ਦੀ ਬਾਬੂਭਾਈ ਜੇ. ਮਿਸਤਰੀ ਨਿਰਦੇਸ਼ਿਤ ਫਿਲਮ ‘ਮਾਯਾ ਬਾਜ਼ਾਰ’ (1958), ਬਸੰਤ ਪਿਕਚਰਜ਼, ਬੰਬੇ ਦੀ ਨੋਸ਼ੀਰ ਇੰਜੀਨੀਅਰ ਨਿਰਦੇਸ਼ਿਤ ਫਿਲਮ ‘ਸਰਕਸ ਕਵੀਨ’ (1959) ਆਦਿ ਸ਼ਾਮਲ ਹਨ।
ਕਹਾਣੀਨਵੀਸ ਵਜੋਂ ਉਸ ਨੇ ਬਸੰਤ ਪਿਕਚਰਜ਼, ਬੰਬੇ ਹੋਮੀ ਵਾਡੀਆ ਨਿਰਦੇਸ਼ਿਤ ਫਿਲਮ ‘ਸ਼ੇਰ-ਏ-ਬਗਦਾਦ’ ਉਰਫ਼ ‘ਲਾਇਨ ਆਫ ਬਗਦਾਦ’ (1946), ਬਸੰਤ ਪਿਕਚਰਜ਼, ਬੰਬੇ ਦੀ ਕੇਸ਼ਵ ਤਲਪੜੇ ਨਿਰਦੇਸ਼ਿਤ ਫਿਲਮ ‘ਮਾਯਾ ਮਹਿਲ’ (1949) ਅਤੇ ਬਸੰਤ ਪਿਕਚਰਜ਼ ਦੀ ਹੀ ਹੋਮੀ ਵਾਡੀਆ ਨਿਰਦੇਸ਼ਿਤ ਫਿਲਮ ‘ਜੰਗਲ ਕਾ ਜਵਾਹਰ’ (1952) ਦੇ ਨਾਮ ਜ਼ਿਕਰਯੋਗ ਹਨ।
ਬਤੌਰ ਫਿਲਮਸਾਜ਼ ਬੋਮਨ ਸ਼ਰਾਫ਼ ਨੂੰ ਸਿਰਫ਼ ਇੱਕੋ ਪੰਜਾਬੀ ਫਿਲਮ ਬਣਾਉਣ ਦਾ ਮਾਣ ਹਾਸਲ ਹੋਇਆ ਹੈ। ਹਿੰਦਮਾਤਾ ਸਿਨੇਟੋਨ ਕੰਪਨੀ, ਬੰਬੇ ਦੇ ਬੈਨਰ ਹੇਠ ਜੀ. ਆਰ. ਸੇਠੀ ਦੀ ਹਿਦਾਇਤਕਾਰੀ ਵਿੱਚ ਉਸ ਨੇ ਪੰਜਾਬ ਦੇ ਮਸ਼ਹੂਰ ਕਿੱਸੇ ‘ਮਿਰਜ਼ਾ ਸਾਹਿਬਾਂ’ ਉੱਤੇ ਸਾਂਝੇ ਪੰਜਾਬ ਦੀ ਪਹਿਲੀ ਬੋਲਦੀ ਤੇ ਨੱਚਦੀ-ਗਾਉਂਦੀ ਪੰਜਾਬੀ ਫੀਚਰ ਫਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ (1935) ਬਣਾਈ। ਫਿਲਮ ‘ਚ ‘ਮਿਰਜ਼ਾ’ ਦਾ ਕਿਰਦਾਰ ਰਬਾਬੀ ਭਾਈ ਦੇਸਾ (ਅੰਮ੍ਰਿਤਸਰੀ) ਤੇ ਸਾਹਿਬਾਂ ਦਾ ਕਿਰਦਾਰ ਕਸੂਰ ਦੀ ਪੰਜਾਬਣ ਮੁਟਿਆਰ ਮਿਸ ਖ਼ੁਰਸ਼ੀਦ ਬਾਨੋ (ਰੇਡੀਓ ਗੁਲੂਕਾਰਾ) ਨੇ ਅਦਾ ਕੀਤਾ। ਦੀਗ਼ਰ ਫ਼ਨਕਾਰਾਂ ਵਿੱਚ ਭਾਈ ਛੈਲਾ (ਪਟਿਆਲਾ), ਮਿਸਟਰ ਸੋਹਨ ਲਾਲ (ਖੀਵੇ ਖ਼ਾਨ), ਮਿਸ ਸਰਲਾ (ਨੂਰੀ), ਇਨਾਇਤ ਜਾਨ (ਰਹਿਮਤ), ਮਿਸਟਰ ਪਰਵੇਜ਼ ਸ਼ੱਮੀ (ਸ਼ਮੀਰ), ਮਾਸਟਰ ਅਮੀਰ ਅਲੀ ਆਦਿ ਨੁਮਾਇਆ ਕਿਰਦਾਰ ਅੰਜਾਮ ਦੇ ਰਹੇ ਸਨ। ਕਿੱਸਾ ਵਾਰਿਸ ਸ਼ਾਹ, ਮੰਜ਼ਰਨਾਮਾ, ਜੀ. ਆਰ. ਸੇਠੀ, ਤਸਵੀਰਕਸ਼ੀ ਈ. ਆਰ. ਕੂਪਰ, ਰਿਕਾਰਡਡ ਸ਼ੇਰ ਅਲੀ ਅਤੇ ਮੌਸੀਕੀ ਦੀਆਂ ਤਰਜ਼ਾਂ ਪ੍ਰੋਫ਼ੈਸਰ ਨਵਾਬ ਖ਼ਾਨ ਨੇ ਤਾਮੀਰ ਕੀਤੀਆਂ ਸਨ। ਇਸ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ, ਲਾਹੌਰ, ਗੁੱਜਰਾਂਵਾਲਾ, ਗੁਰਦਾਸਪੁਰ ਦੀਆਂ ਦਿਲਕਸ਼ ਥਾਵਾਂ ‘ਤੇ ਕੀਤੀ ਗਈ ਸੀ।
1932 ਵਿੱਚ ਬੋਮਨ ਸ਼ਰਾਫ਼ ਨੇ ਬੰਬਈ ਵਿੱਚ ਪਹਿਲੀ ਪੰਜਾਬੀ ਫੀਚਰ ਫਿਲਮ ਨੂੰ ਬਣਾਉਣ ਦਾ ਐਲਾਨ ਕੀਤਾ। 1933 ਵਿੱਚ ਪੰਜਾਬ ਆ ਕੇ ਉਸ ਨੇ ਇਸ ਦੀ ਹਿਦਾਇਤਕਾਰੀ ਦੀ ਕਮਾਂਡ ਸਿੰਧੀ ਗੱਭਰੂ ਐੱਨ. ਬੁਲਚੰਦਾਨੀ ਬੀ. ਏ. ਨੂੰ ਸੌਂਪ ਦਿੱਤੀ, ਪਰ ਉਹ ਫਿਲਮ ਦਾ ਕੰਮ ਨਾ ਸੰਭਾਲ ਸਕਿਆ। ਅਖ਼ੀਰਨ ਲਾਹੌਰ ਦੇ ਗੱਭਰੂ ਜੀ. ਆਰ. ਸੇਠੀ ਦੀ ਹਿਦਾਇਤਕਾਰੀ ਵਿੱਚ ਇਹ ਫਿਲਮ ਮੁਕੰਮਲ ਹੋਈ, ਜਿਸ ਨੂੰ ਕਾਮਯਾਬ ਬਣਾਉਣ ਲਈ ਰੁਪੱਈਆ ਪਾਣੀ ਵਾਂਗ ਵਹਾਇਆ ਗਿਆ। 29 ਮਾਰਚ 1935 ਨੂੰ ਸਾਂਝੇ ਪੰਜਾਬ ਵਿੱਚ ਤਿਆਰਸ਼ੁਦਾ ਪੰਜਾਬੀ ਜ਼ੁਬਾਨ ਦੀ ਇਹ ਪਹਿਲੀ ਪੰਜਾਬੀ ਫੀਚਰ ਫਿਲਮ 29 ਮਾਰਚ 1935 ਨੂੰ ਨਿਰੰਜਨ ਟਾਕੀਜ਼, ਲਾਹੌਰ ਵਿੱਚ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ। ਪੰਜਾਬੀ ਜ਼ੁਬਾਨ ‘ਚ ਇਹ ਫਿਲਮ 24 ਜਨਵਰੀ 1935 ਨੂੰ ਸੈਂਸਰ ਹੋਈ ਅਤੇ ਉਰਦੂ/ਹਿੰਦੀ ਵਿੱਚ 11 ਜਨਵਰੀ 1935 ਨੂੰ ਸੈਂਸਰ ਹੋਈ। ਪਰ ਉਰਦੂ ਵਾਲੀ ਡੱਬ ਫਿਲਮ ਸਿਨਮੇ ਵਿੱਚ ਰਿਲੀਜ਼ ਨਾ ਹੋ ਪਾਈ। ਲਿਹਾਜ਼ਾ ਇਸ ਫਿਲਮ ਨੇ ਪੰਜਾਬੀ ਸਿਨਮਾ ਦੀ ਮਜ਼ਬੂਤ ਬੁਨਿਆਦ ਜ਼ਰੂਰ ਰੱਖ ਦਿੱਤੀ, ਜਿਸ ‘ਤੇ ਖਲੋਤਾ ਪੰਜਾਬੀ ਸਿਨਮਾ ਅੱਜ ਸਫਲਤਾ ਦੀ ਬੁਲੰਦ ਪਰਵਾਜ਼ ਭਰ ਰਿਹਾ ਹੈ।
ਬੋਮਨ ਸ਼ਰਾਫ਼ 1960ਵਿਆਂ ਦੇ ਦਹਾਕੇ ਤੱਕ ਹਿੰਦੀ ਫਿਲਮਾਂ ‘ਚ ਸਰਗਰਮ ਰਹੇ। ਉਸ ਨੇ ਜ਼ਿਆਦਾਤਰ ਵਾਡੀਆ ਮੂਵੀਟੋਨ ਦੀਆਂ ਹੀ ਹਿੰਦੀ ਫਿਲਮਾਂ ‘ਚ ਆਪਣੇ ਫ਼ਨ ਦੀ ਨੁਮਾਇਸ਼ ਕੀਤੀ। ਫਿਲਮਾਂ ਵਿੱਚੋਂ ਮੁਕੰਮਲ ਕਿਨਾਰਾਕਸ਼ੀ ਕਰਨ ਤੋਂ ਬਾਅਦ ਉਹ ਕਿੱਥੇ ਚਲੇ ਗਏ, ਕਦੋਂ ਫ਼ੌਤ ਹੋਏ? ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ।
ਸੰਪਰਕ: 97805-09545