ਦਵਿੰਦਰ ਸਿੰਘ
ਯਮੁਨਾਨਗਰ, 6 ਅਗਸਤ
ਭਾਰਤੀ ਜਨਤਾ ਪਾਰਟੀ ਨੇ ਅੱਜ ਇੱਥੇ ਮੋਟਰਸਾਈਕਲਾਂ ’ਤੇ ਸ਼ਹੀਦਾਂ ਦੀ ਯਾਦ ਵਿੱਚ ਜਗਾਧਰੀ ਵਿੱਚ ਤਿਰੰਗਾ ਯਾਤਰਾ ਕੱਢੀ। ਆਮ ਲੋਕਾਂ ਨੇ ਤਿਰੰਗਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਲੱਡੂ ਵੰਡੇ । ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਸ਼ੁਰੂ ਹੋਈ ਇਹ ਯਾਤਰਾ ਪ੍ਰਤਾਪ ਨਗਰ, ਛਛਰੋਲੀ, ਲੱਕੜ ਮੰਡੀ ਮਾਨਕਪੁਰ, ਬੂੜੀਆ ਚੌਂਕ, ਜਗਾਧਰੀ ਬੱਸ ਸਟੈਂਡ ਹੁੰਦੀ ਹੋਈ ਪ੍ਰਤਾਪ ਨਗਰ ਜਾ ਕੇ ਸਮਾਪਤ ਹੋਈ। ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਜਗਾਧਰੀ ਵਿੱਚ ਤਿਰੰਗਾ ਯਾਤਰਾ ਵਿੱਚ ਹਿੱਸਾ ਲੈ ਰਹੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਅਤੇ ਵਰਕਰਾਂ ਵੱਲੋਂ ਜਗਾਧਰੀ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਕੱਢਣ ’ਤੇ ਸ਼ਲਾਘਾ ਕੀਤੀ । ਇਸ ਮੌਕੇ ਸਿੱਖਿਆ ਮੰਤਰੀ ਕੰਵਰਪਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਘੁੰਮਣ ਸਿੰਘ ਕਿਰਮਿਚ, ਯਮੁਨਾਨਗਰ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ, ਮੇਅਰ ਮਦਨ ਚੌਹਾਨ, ਭਾਜਪਾ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਨਿਸ਼ਚਲ ਚੌਧਰੀ, ਸ਼ੁਭਮ ਗਰਗ ਮੌਜੂਦ ਸਨ।
ਤਿਰੰਗਾ ਯਾਤਰਾ ਨੇ ਦੁਕਾਨਦਾਰਾਂ ਨੂੰ ਗੰਦੇ ਪਾਣੀ ਤੋਂ ਛੁਟਕਾਰਾ ਦਿਵਾਇਆ
ਰਤੀਆ (ਕੇਕੇ ਬਾਂਸਲ): ਆਖਿਰਕਾਰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਕਾਫੀ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਤੋਂ ਭਾਜਪਾ ਦੀ ਤਿਰੰਗਾ ਯਾਤਰਾ ਨੇ ਦੁਕਾਨਦਾਰਾਂ ਨੂੰ ਛੁਟਕਾਰਾ ਦਿਵਾ ਦਿੱਤਾ। ਇਹ ਤਿਰੰਗਾ ਯਾਤਰਾ ਰਤੀਆ ਹਲਕੇ ਦੇ ਵਿਧਾਇਕ ਐਡਵੋਕੇਟ ਲਛਮਣ ਨਾਪਾ ਦੀ ਅਗਵਾਈ ’ਚ ਕੱਢੀ ਗਈ। ਯਾਤਰਾ ਤੋਂ ਪਹਿਲਾਂ ਨਗਰ ਪਾਲਿਕਾ ਦੀ ਟੀਮ ਇਸ ਚੌਕ ’ਚ ਪਹੁੰਚ ਗਈ ਅਤੇ ਇਸ ਟੀਮ ਨੇ ਖੱਡੇ ਭਰ ਕੇ ਖੜ੍ਹੇ ਗੰਦੇ ਪਾਣੀ ਦਾ ਨਿਕਾਸ ਕਰਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਸਫਾਈ ਕਰਕੇ ਸਜਾਵਟ ਕਰ ਦਿੱਤੀ। ਜ਼ਿਕਰਯੋਗ ਹੈ ਕਿ ਨਗਰ ਪਾਲਿਕਾ ਵੱਲੋਂ ਸ਼ਹੀਦ ਭਗਤ ਸਿੰਘ ਚੌਕ ਤੋਂ ਅਗਰਵਾਲ ਧਰਮਸ਼ਾਲਾ ਤੱਕ ਇੰਟਰਲਾਕ ਟਾਈਲਾਂ ਲਾ ਕੇ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਕਾਰਨ ਠੇਕਦਾਰ ਨੇ ਪੁਰਾਣੀ ਸੜਕ ਨੂੰ ਪੁੱਟ ਦਿੱਤਾ ਅਤੇ ਇਸ ਸੜਕ ’ਤੇ ਬਰਸਾਤੀ ਅਤੇ ਨਿਕਾਸੀ ਗੰਦਾ ਪਾਣੀ ਖੜ੍ਹਨ ਕਾਰਨ ਸੜਕ ਦੀ ਹਾਲਤ ਤਰਸਯੋਗ ਬਣ ਗਈ ਸੀ।