ਗੁਰਦੇਵ ਸਿੰਘ ਗਹੂੰਣ
ਬਲਾਚੌਰ, 30 ਜੂਨ
ਬਲਾਚੌਰ ਇਲਾਕੇ ਵਿੱਚ ਹੋਈ ਮੌਨਸੂਨ ਦੀ ਪਹਿਲੀ ਮੋਹਲੇਧਾਰ ਬਾਰਸ਼ ਨੇ ਪੂਰੇ ਇਲਾਕੇ ਵਿੱਚ ਜਲ-ਥਲ ਕਰ ਦਿੱਤਾ। ਸਵੇਰੇ 7 ਕੁ ਵਜੇ ਪੂਰੇ ਇਲਾਕੇ ਵਿੱਚ ਬੱਦਲਵਾਈ ਨਾਲ ਪੂਰੇ ਇਲਾਕੇ ਵਿੱਚ ਰਾਤ ਵਾਲਾ ਹਨ੍ਹੇਰਾ ਛਾ ਗਿਆ ਅਤੇ ਰਾਤ ਦਾ ਭੁਲੇਖਾ ਪੈਣ ਕਾਰਨ ਸੋਲਰ ਲਾਈਟਾਂ ਜਗ ਗਈਆਂ। ਸਾਢੇ 7 ਕੁ ਵਜੇ ਸ਼ੁਰੂ ਹੋਈ ਮੋਹਲੇਧਾਰ ਬਾਰਿਸ਼ ਨੇ ਪੂਰਾ ਇੱਕ ਘੰਟਾ ਧਰਤੀ ਅਤੇ ਇਸ ਦੇ ਬਾਸ਼ਿੰਦਿਆਂ ਨੂੰ ਰਜਾ ਕੇ ਰੱਖ ਦਿੱਤਾ। ਇਸ ਮੋਹਲੇਧਾਰ ਬਾਰਿਸ਼ ਨਾਲ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਜਾ ਵੜਿਆ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਤਹਿਸੀਲ ਕੰਪਲੈਕਸ ਬਲਾਚੌਰ ਅਤੇ ਸ਼ਹਿਰ ਦੇ ਨੀਂਵੇਂ ਇਲਾਕਿਆਂ ਵਾਲੇ ਵਾਰਡ ਵੀ ਪਾਣੀਓ-ਪਾਣੀ ਹੋਏ ਰਹੇ। ਇਲਾਕੇ ਦੇ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ, ਕਿਉਂਕਿ ਬਹੁਤ ਸਾਰੇ ਕਿਸਾਨ ਝੋਨਾ ਲਗਾਉਣ ਲਈ ਕਈ ਦਿਨਾਂ ਤੋਂ ਮੀਂਹ ਦੀ ਉਡੀਕ ਵਿੱਚ ਸਨ। ਪਿਛਲੇ 2 ਮਹੀਨਿਆਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਲੋਕਾਂ ਨੂੰ ਕਾਫੀ ਹੱਦ ਤੱਕ ਨਿਜਾਤ ਮਿਲ ਗਈ। ਉਂਝ ਸਾਰਾ ਦਿਨ ਹਟ-ਹਟ ਕੇ ਕਿਣਮਿਣ ਹੁੰਦੀ ਰਹੀ ਅਤੇ ਆਸਮਾਨ ਵਿੱਚ ਬੱਦਲਵਾਈ ਛਾਈ ਰਹੀ।
ਪਠਾਨਕੋਟ (ਐੱਨਪੀ ਧਵਨ): ਮੌਨਸੂਨ ਨੇ ਜ਼ਿਲ੍ਹੇ ਵਿੱਚ ਜੋਰਦਾਰ ਦਸਤਕ ਦਿੱਤੀ ਹੈ। ਅੱਜ ਸਵੇਰੇ ਹੋਈ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੱਤੀ ਹੀ, ਇਸ ਦੇ ਨਾਲ ਹੀ ਕਿਸਾਨਾਂ ਦੇ ਵੀ ਚਿਹਰੇ ਖਿੜ ਉਠੇ। ਜ਼ਿਲ੍ਹੇ ਵਿੱਚ ਇੰਨ੍ਹੀਂ ਦਿਨੀਂ ਝੋਨਾ ਲਗਾਉਣ ਦਾ ਕੰਮ ਚੱਲ ਰਿਹਾ ਹੈ। ਅੱਜ ਹੋਈ ਬਾਰਸ਼ ਨਾਲ ਕਿਸਾਨਾਂ ਨੂੰ ਫਸਲ ਲਈ ਪਾਣੀ ਵੀ ਮਿਲਿਆ ਅਤੇ ਦਿਨ ਭਰ ਖੇਤਾਂ ਵਿੱਚ ਕੰਮ ਕਰਨ ਸਮੇਂ ਉਹ ਤਪਦੀ ਧੁੱਪ ਤੋਂ ਵੀ ਬਚੇ ਰਹੇ। ਪਠਾਨਕੋਟ ਨਾਲ ਲੱਗਦੇ ਸੁਜਾਨਪੁਰ ਅਤੇ ਮਾਧੋਪੁਰ ਇਲਾਕਿਆਂ ਵਿੱਚ ਹਾਲਾਂਕਿ, ਘੱਟ ਬਾਰਸ਼ ਹੋਈ ਪਰ ਪਠਾਨਕੋਟ ਵਿੱਚ 1 ਘੰਟੇ ਤੋਂ ਵੱਧ ਅਤੇ ਧਾਰ ਬਲਾਕ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ 3 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬਾਰਸ਼ ਹੋਈ। ਜਿਸ ਨਾਲ ਤਾਪਮਾਨ 38 ਡਿਗਰੀ ਤੋਂ ਘਟ ਕੇ 28 ਡਿਗਰੀ ਤੱਕ ਪੁੱਜ ਗਿਆ।
ਦੂਜੇ ਪਾਸੇ ਬਾਰਸ਼ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਉਥੇ ਜ਼ਿਲ੍ਹੇ ਅੰਦਰ ਪੈਂਦੀਆਂ ਲਿੰਕ ਸੜਕਾਂ ’ਤੇ ਪਏ ਟੋਇਆਂ ਵਿੱਚ ਪਾਣੀ ਭਰ ਜਾਣ ਨਾਲ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਵੀ ਪੇਸ਼ ਆਈਆਂ। ਅਸ਼ੋਕ ਕੁਮਾਰ, ਨਿਖਿਲ ਕੁਮਾਰ ਆਦਿ ਨੇ ਦੱਸਿਆ ਕਿ ਥਰਿਆਲ ਚੌਂਕ ਤੋਂ ਜੈਨੀ ਨੂੰ ਜਾਂਦੇ ਮਾਰਗ ਵਿੱਚ ਪਏ ਟੋਇਆਂ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਅਜਿਹਾ ਹੀ ਹਾਲ ਮਾਧੋਪੁਰ ਤੋਂ ਰਾਣੀਪੁਰ ਵਾਇਆ ਥਰਿਆਲ ਸੜਕ ਦਾ ਵੀ ਹੈ।