ਮਨਦੀਪ ਸਿੰਘ ਸਿੱਧੂ
ਸਤੀਸ਼ ਬੱਤਰਾ ਉਰਫ਼ ਸਤੀਸ਼ ਚੰਦਰ ਬੱਤਰਾ ਦੀ ਪੈਦਾਇਸ਼ 1917 ਵਿਚ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਸਤੀਸ਼ ਬੱਤਰਾ ਸਿਰਫ਼ ਅਦਾਕਾਰ ਹੀ ਨਹੀਂ ਸਨ ਬਲਕਿ ਫ਼ਿਲਮ ਤਾਰੀਖ਼ ਦੇ ਬਿਹਤਰੀਨ ਗੁਲੂਕਾਰ, ਅਦਾਕਾਰ, ਮਜ਼ਾਹੀਆ ਚਰਿੱਤਰ ਅਦਾਕਾਰ ਅਤੇ ਬੱਤਰਾ ਪ੍ਰੋਡਕਸ਼ਨਜ਼, ਲਾਹੌਰ ਦੇ ਮਾਲਕ ਵੀ ਸਨ।
ਜਦੋਂ ਰੂਪ ਕੇ. ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਮਲਾ ਮੂਵੀਟੋਨ, ਲਾਹੌਰ ਦੇ ਬੈਨਰ ਹੇਠ ਮੁਸਲਿਮ ਸਟੂਡੀਓਜ਼ ’ਚ ਆਪਣੀ ਹਿਦਾਇਤਕਾਰੀ (ਸਹਾਇਕ ਹੈਰੋਲਡ ਲੂਈਸ ਉਰਫ਼ ਮਜਨੂੰ) ਵਿਚ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ ਉਰਫ਼ ‘ਅੰਨ੍ਹੀ ਜਵਾਨੀ’ (1940) ਸ਼ੁਰੂ ਕੀਤੀ ਤਾਂ ਇਸ ਵਿਚ ਉਨ੍ਹਾਂ ਨੇ ਕਈ ਨਵੇਂ ਚਿਹਰਿਆਂ ਨੂੰ ਮੁਤਆਰਿਫ਼ ਕਰਵਾਇਆ, ਜਿਨ੍ਹਾਂ ਵਿਚ ਲਾਹੌਰ ਦਾ ਸੁਨੱਖਾ ਗੱਭਰੂ ਸਤੀਸ਼ ਬੱਤਰਾ ਵੀ ਇਕ ਸੀ। ਸਤੀਸ਼ ਬੱਤਰਾ ਨੇ ਫ਼ਿਲਮ ਵਿਚ ‘ਹੈਦਰੀ’ ਦਾ ਸੋਹਣਾ ਪਾਰਟ ਅਦਾ ਕੀਤਾ ਜਦੋਂ ਕਿ ‘ਦੁੱਲਾ ਭੱਟੀ’ ਦਾ ਟਾਈਟਲ ਰੋਲ ਐੱਮ. ਡੀ. ਕੰਵਰ ਅਦਾ ਕਰ ਰਿਹਾ ਸੀ। ਫ਼ਿਲਮ ਦੇ 17 ਗੀਤ ਤੇ ਮੁਕਾਲਮੇ ਹਜ਼ਰਤ ਅਜ਼ੀਜ਼ ਕਸ਼ਮੀਰੀ ਤੇ ਇਕ ਗੀਤ ਐੱਫ਼. ਡੀ. ਸ਼ਰਫ਼ ਨੇ ਲਿਖਿਆ। ਫ਼ਿਲਮ ਦੀ ਮੌਸੀਕੀ ਰਾਵਲਪਿੰਡੀ ਦੇ ਗੱਭਰੂ ਪੰਡਤ ਗੋਬਿੰਦਰਾਮ ਨੇ ਮੁਰੱਤਬਿ ਕੀਤੀ। ਫ਼ਿਲਮ ਵਿਚ ਸਤੀਸ਼ ਬੱਤਰਾ ਨੇ ਅਦਾਕਾਰੀ ਕਰਨ ਦੇ ਨਾਲ-ਨਾਲ ਗੀਤ ਵੀ ਗਾਏ ‘ਮਿੱਠੀਆਂ-ਮਿੱਠੀਆਂ ਬਾਤਾਂ ਕਰਕੇ’, ‘ਹੌਲੇ-ਹੌਲੇ ਰੋ ਜਿੰਦੜੀਏ’, ‘ਕੋਈ ਕੱਢ ਕੇ ਲੈ ਗਿਆ ਦਿਲ ਨੂੰ’, ‘ਕੀ ਜਾਦੂ ਕੋਲ ਹੈ ਤੇਰੇ’ ਅਤੇ ਇਕ ਗੀਤ ਰਸ਼ੀਦਾ ਬੇਗ਼ਮ ਨਾਲ ‘ਜਦ ਦਿਲ ਵਿਚ ਪੈ ਜਾਏ ਦਿਲ ਸੱਜਣਾ’ ਜੋ ਬੇਹੱਦ ਮਕਬੂਲ ਹੋਏ। ਪੰਜਾਬ ਦੇ ਸੂਰਬੀਰ ਯੋਧੇ ਰਾਏ ਅਬਦੁੱਲਾ ਖ਼ਾਨ ਭੱਟੀ ਦੇ ਕਿੱਸੇ ’ਤੇ ਬਣੀ ਇਹ ਫ਼ਿਲਮ 26 ਅਪਰੈਲ 1940 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਬਲਾਕ ਬਸਟਰ ਫ਼ਿਲਮ ਕਰਾਰ ਪਾਈ। ਜਦੋਂ ਆਰ. ਐੱਲ. ਸ਼ੋਰੀ ਉਰਫ਼ ਰੌਸ਼ਨ ਲਾਲ ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਹੇਠ ਪੰਜਾਬੀ ਫ਼ਿਲਮ ‘ਮੰਗਤੀ’ (1942) ਸ਼ੁਰੂ ਕੀਤੀ ਤਾਂ ਇਸ ਵਿਚ ਸਤੀਸ਼ ਬੱਤਰਾ ਨੂੰ ਅਹਿਮ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਇਸ ਫ਼ਿਲਮ ’ਚ ‘ਮੰਗਤੀ’ ਦਾ ਟਾਈਟਲ ਕਿਰਦਾਰ ਮੁਮਤਾਜ਼ ਸ਼ਾਂਤੀ ਨੇ ਅਦਾ ਕੀਤਾ ਸੀ। ਫ਼ਿਲਮ ਦੇ ਮੁਕਾਲਮੇ ਅਤੇ 12 ਗੀਤ ਕਵੀ ਨੰਦਲਾਲ ਨੂਰਪੁਰੀ, ਕਹਾਣੀ ਤੇ ਮੰਜ਼ਰਨਾਮਾ ਆਰ. ਐੱਲ. ਸ਼ੋਰੀ, ਵਾਧੂ ਮੁਕਾਲਮੇ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ ਨੇ ਤਾਮੀਰ ਕੀਤਾ। ਸਤੀਸ਼ ਬੱਤਰਾ ਨੇ ਅਦਾਕਾਰੀ ਤੋਂ ਇਲਾਵਾ ਫ਼ਿਲਮ ’ਚ 3 ਗੀਤ ਵੀ ਗਾਏ ‘ਇਹ ਦੁਨੀਆ ਤਾਂ ਖ਼ੁਸ਼ ਹੁੰਦੀ ਏ’ (ਨਾਲ ਜ਼ੀਨਤ ਬੇਗ਼ਮ), ‘ਆਜਾ ਓ ਛੋਹਰੂਆ ਮਿੱਠੀ-ਮਿੱਠੀ ਬੰਸੀ ਸੁਣਾ ਜਾ ਓ ਛੋਹਰੂਆ’ (ਨਾਲ ਜ਼ੀਨਤ ਬੇਗ਼ਮ, ਰਹਿਮਤ ਬਾਈ, ਕੋਰਸ) ਅਤੇ ਤੀਜਾ ‘ਉੱਡ ਜਾ ਭੋਲਿਆ ਪੰਛੀਆਂ ਏਥੋਂ ਉੱਡ ਜਾ ਭੋਲੇ ਪੰਛੀਆ’ (ਨਾਲ ਜ਼ੀਨਤ ਬੇਗ਼ਮ) ਅਮਰ ਗੀਤ ਦਾ ਦਰਜਾ ਰੱਖਦਾ ਹੈ। 35 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਫ਼ਿਲਮ ਦੇ ਤਮਾਮ ਗੀਤ ਹੱਦ ਦਰਜਾ ਮਕਬੂਲ ਹੋਏ ਅਤੇ ਮੁੱਦਤਾਂ ਤੋਂ ਫ਼ਿਲਮ-ਮੱਦਾਹ ਇਨ੍ਹਾਂ ਨੂੰ ਗੁਣਗੁਣਾਉਂਦੇ ਆ ਰਹੇ ਹਨ। 20 ਫਰਵਰੀ 1942 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਰਿਲੀਜ਼ਸ਼ੁਦਾ ਇਸ ਫ਼ਿਲਮ ਨੂੰ ਸਾਂਝੇ ਪੰਜਾਬ ਦੀ ਪਹਿਲੀ ਗੋਲਡਨ ਜੁਬਲੀ ਫ਼ਿਲਮ ਹੋਣ ਦਾ ਇਤਿਹਾਸਕ ਫ਼ਖ਼ਰ ਹਾਸਲ ਹੋਇਆ। ਠਾਕੁਰ ਹਿੰਮਤ ਸਿੰਘ ਦੇ ਫ਼ਿਲਮਸਾਜ਼ ਅਦਾਰੇ ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੀ ਬੀ. ਐੱਸ. ਰਾਜਹੰਸ ਨਿਰਦੇਸ਼ਿਤ ਫ਼ਿਲਮ ‘ਪਟਵਾਰੀ’ (1942) ’ਚ ਸਤੀਸ਼ ਬੱਤਰਾ ਨੇ ਪੰਡਤ ਗੋਬਿੰਦਰਾਮ ਦੀ ਮੁਰੱਤਬਿ ਮੌਸੀਕੀ ਵਿਚ ਵਲੀ ਸਾਹਿਬ ਦਾ ਲਿਖਿਆ ਇਕ ਰੁਮਾਨੀ ਗੀਤ ਗਾਇਆ ‘ਤੁਸੀਂ ਅੱਖੀਆਂ ਦਾ ਮੁੱਲ ਕਰ ਲੋ…ਆ ਜਿੰਦੜੀ ਦਾ ਸੁੱਖ ਪਈਏ’ (ਨਾਲ ਸ਼ਮਸ਼ਾਦ ਬੇਗ਼ਮ) ਜੋ ਅਦਾਕਾਰਾ ਰਾਗਿਨੀ ਤੇ ਐੱਸ. ਡੀ. ਨਾਰੰਗ ਉੱਤੇ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ 13 ਫਰਵਰੀ 1942 ਨੂੰ ਨਿਊ ਕਰਾਊਨ ਟਾਕੀਜ਼, ਮੁਲਤਾਨ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ।
ਜਦੋਂ ਰੂਪ. ਕੇ. ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਮਲਾ ਮੂਵੀਟੋਨ, ਲਾਹੌਰ ਹੇਠ ਆਪਣੀ ਹਿਦਾਇਤਕਾਰੀ ਵਿਚ ਹਿੰਦੀ ’ਚ ਸਟੰਟ ਫ਼ਿਲਮ ‘ਹਿੰਮਤ’ (1941) ਬਣਾਈ ਤਾਂ ਪੰਡਤ ਗੋਬਿੰਦਰਾਮ ਨੇ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਗੀਤ ਸਤੀਸ਼ ਬੱਤਰਾ ਕੋਲੋਂ ਗਵਾਇਆ ‘ਨਾ ਸਾਜਨ ਨਾ ਸਜਨੀ ਮੈਂ ਜੋ ਕਹੂੰ ਇਸ ਪਰ ਹੰਸ ਕਰ’ (ਨਾਲ ਮੁੰਨੀ) ਜੋ ਕਾਫ਼ੀ ਪਸੰਦ ਕੀਤਾ ਗਿਆ। ਰਾਗਿਨੀ ਤੇ ਬੇਗ ਦੇ ਮਰਕਜ਼ੀ ਕਿਰਦਾਰ ਵਾਲੀ ਇਹ ਫ਼ਿਲਮ 27 ਜੂਨ 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਚ ਰਿਲੀਜ਼ ਹੋਈ ਤੇ ਬੇਹੱਦ ਕਾਮਯਾਬ ਸਾਬਤ ਹੋਈ।
ਇਸ ਤੋਂ ਬਾਅਦ ਸਤੀਸ਼ ਬੱਤਰਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਬੱਤਰਾ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਮਜਨੂੰ ਉਰਫ਼ ਹੈਰੋਲਡ ਲੂਈਸ (ਸਹਾਇਕ ਕੈਲਾਸ਼) ਦੀ ਹਿਦਾਇਤਕਾਰੀ ਵਿਚ ਪਹਿਲੀ ਹਿੰਦੀ ਫ਼ਿਲਮ ‘ਪਾਪੀ’ (1943) ਬਣਾਈ। ਇਸ ਫ਼ਿਲਮ ਵਿਚ ਸਤੀਸ਼ ਬੱਤਰਾ ਨੇ ‘ਰਾਜਿੰਦਰ’ ਦਾ ਕਿਰਦਾਰ, ਜਿਸ ਦੇ ਹਮਰਾਹ ਸਲਮਾ ‘ਨੀਲਾ’ ਦਾ ਪਾਰਟ ਅਦਾ ਕਰ ਰਹੀ ਸੀ। ਮੁੱਖ ਹੀਰੋ ਦੇ ਤੌਰ ’ਤੇ ਮਜਨੂੰ ਤੇ ਮਾਧੂਰੀ ਜੋੜੀਦਾਰ ਸਨ। ਕਹਾਣੀ ਤੇ ਮੰਜ਼ਰਨਾਮਾ ਹੈਰੋਲਡ ਲੂਈਸ (ਮਜਨੂੰ), ਮੁਕਾਲਮੇ ਇਹਸਾਨ ਅਲੀ ਬੀ. ਏ. ਤੇ ਅਖ਼ਤਰ ਚੁਗਾਠੀ, ਗੀਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤਕਾਰ ਪੰਡਤ ਅਮਰਨਾਥ (ਐੱਚ. ਐੱਮ. ਵੀ.) ਸਨ। ਫ਼ਿਲਮ ਵਿਚ ਸਤੀਸ਼ ਬੱਤਰਾ ਨੇ ਅਦਾਕਾਰੀ ਕਰਨ ਦੇ ਨਾਲ-ਨਾਲ ਗੀਤ ਵੀ ਗਾਏ ‘ਆ ਦੂਰ ਕਹੀਂ ਜਾਏਂ ਉਸ ਦੇਸ ਚਲੇਂ ਜਿਸਮੇਂ’। ਇਸ ਫ਼ਿਲਮ ਤੋਂ ਬਾਅਦ ਸਤੀਸ਼ ਬੱਤਰਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਹੇਠ ਇਕ ਪੰਜਾਬੀ ਫ਼ਿਲਮ ‘ਜਿੰਦੜੀ’ (1943) ਬਣਾਉਣ ਦਾ ਐਲਾਨ ਕੀਤਾ, ਪਰ ਫ਼ਿਲਮ ਨਾ ਬਣ ਸਕੀ।
1947 ਵਿਚ ਪੰਜਾਬ ਵੰਡ ਤੋਂ ਬਾਅਦ ਸਤੀਸ਼ ਬੱਤਰਾ ਆਪਣੇ ਆਬਾਈ ਸ਼ਹਿਰ ਲਾਹੌਰ ਨੂੰ ਛੱਡ ਕੇ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਿਆ। ਇੱਥੇ ਉਸ ਨੇ ਰਵਿੰਦਰ ਆਰਟ ਪ੍ਰੋਡਸ਼ਨਜ਼, ਬੰਬੇ ਦੀ ਈਸ਼ਵਰ ਚੰਦਰ ਕਪੂਰ ਨਿਰਦੇਸ਼ਿਤ ਹਿੰਦੀ ਫ਼ਿਲਮ ‘ਚਾਂਦ ਸਿਤਾਰੇ’ (1948) ਵਿਚ ਸਹਾਇਕ ਅਦਾਕਾਰ ਦਾ ਪਾਰਟ ਅਦਾ ਕੀਤਾ। ਮੰਜ਼ਰਨਾਮਾ ਤੇ ਗੀਤ ਈਸ਼ਵਰ ਚੰਦਰ ਕਪੂਰ (8 ਗੀਤ), ਅਜ਼ੀਜ਼ ਕਸ਼ਮੀਰੀ (ਇਕ ਗੀਤ) ਅਤੇ ਸੰਗੀਤਕਾਰ ਪ੍ਰੇਮਨਾਥ (ਹੀਰੋ ਪ੍ਰੇਮਨਾਥ ਨਹੀਂ) ਸਨ। ਮਧੂਕਰ ਪਿਕਚਰਜ਼, ਬੰਬੇ ਦੀ ਕੇ. ਅਮਰਨਾਥ ਨਿਰਦੇਸ਼ਿਤ ਫ਼ਿਲਮ ‘ਬਾਜ਼ਾਰ’ (1949) ਵਿਚ ਉਸ ਨੇ ਸ਼ਿਆਮ ਸੁੰਦਰ ਦੀ ਮੁਰੱਤਬਿ ਮੌਸੀਕੀ ਵਿਚ ਕਮਰ ਜਲਾਲਾਬਾਦੀ ਦੇ ਲਿਖੇ 16 ਗੀਤਾਂ ਵਿਚੋਂ 2 ਗੀਤ ਗਾਏ। ਪਹਿਲਾ ਮਜ਼ਾਹੀਆ ਗੀਤ ‘ਰਾਮ ਕਸਮ ਮੈਂ ਘੂੰਘਟ ਕੇ ਪਟ ਨਾ ਖੋਲੂੰ ਰੇ’ (ਨਾਲ ਰਾਜਕੁਮਾਰੀ) ਜੋ ਮਜ਼ਾਹੀਆ ਅਦਾਕਾਰ ਯਾਕੂਬ ਤੇ ਮਿਸ਼ਰਾ ’ਤੇ ਫ਼ਿਲਮਾਇਆ ਗਿਆ। ਦੂਸਰਾ ਗੀਤ ‘ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ’ (ਨਾਲ ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ) ਜੋ ਮਸ਼ਹੂਰ ਨਾਚੀ ਅਮੀਰ ਬਾਨੋ, ਗੋਪ ਤੇ ਸ਼ਿਆਮ ’ਤੇ ਫ਼ਿਲਮਾਇਆ ਗਿਆ ਹਿੱਟ ਗੀਤ ਸੀ। ਇਹ ਫ਼ਿਲਮ 4 ਮਾਰਚ 1949 ਨੂੰ ਐਕਸੀਕੀਜ਼ਰ ਸਿਨਮਾ, ਬੰਬੇ ਵਿਖੇ ਰਿਲੀਜ਼ ਹੋਈ।
ਚਿੱਤਰ ਭੂਮੀ ਲਿਮਟਿਡ, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਵਸਾਖੀ’ (1951) ਵਿਚ ਸਤੀਸ਼ ਨੇ ਪੰਡਤ ਹਰਬੰਸ ਲਾਲ ਦੇ ਸੰਗੀਤ ਵਿਚ ਅਜ਼ੀਜ਼ ਕਸ਼ਮੀਰੀ ਦੇ ਲਿਖੇ 3 ਗੀਤ ਗਾਏ ‘ਰਗੜਾ ਭਈ ਰਗੜਾ ਲਾ ਲੈ’ (ਨਾਲ ਤਿਰਲੋਕ ਕਪੂਰ), ‘ਦੋ ਨੈਣਾਂ ਦੇ ਤੀਰ ਸਾਡਾ ਗਏ ਕਲੇਜਾ ਚੀਰ’ (ਨਾਲ ਸ਼ਮਸ਼ਾਦ ਬੇਗ਼ਮ, ਤਿਰਲੋਕ ਕਪੂਰ) ਤੇ ਇਕ ਹਿੰਦੀ ਗੀਤ ‘ਅਰੇ ਆਜਾ ਧੋਭੀ ਘਾਟ ਪਰ’ (ਨਾਲ ਆਸ਼ਾ ਭੌਸਲੇ)। ਇਹ ਫ਼ਿਲਮ 9 ਮਾਰਚ 1951 ਨੂੰ ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਮੁਲਕਰਾਜ ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੁਗਨੀ’ (1953) ਵਿਚ ਸਤੀਸ਼ ਬੱਤਰਾ ਨੇ ਅਦਾਕਾਰਾ ਮਨੋਰਮਾ ਦੇ ਪਿਓ ‘ਲੱਭੂ ਰਾਮ’ ਦਾ ਚਰਿੱਤਰ ਕਿਰਦਾਰ ਨਿਭਾਇਆ। ਫ਼ਿਲਮ ਦਾ ਟਾਈਟਲ ਰੋਲ ਅਦਾਕਾਰਾ ਰੂਪਮਾਲਾ ਨਿਭਾ ਰਹੀ ਸੀ, ਜਿਸ ਦੇ ਸਨਮੁੱਖ ਮਜ਼ਾਹੀਆ ਅਦਾਕਾਰ ਸੁੰਦਰ ਮੌਜੂਦ ਸੀ। ਇਹ ਫ਼ਿਲਮ 28 ਜਨਵਰੀ 1955 ਨੂੰ ਸਿਟੀਲਾਈਟ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਤੇ ਸੁਪਰਹਿੱਟ ਫ਼ਿਲਮ ਕਰਾਰ ਪਾਈ। ਕਵਾਤੜਾ ਫ਼ਿਲਮਜ਼, ਬੰਬੇ ਦੀ ਐੱਸ. ਪੀ. ਬਖ਼ਸ਼ੀ ਬੀ. ਏ. ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਕੌਡੇ ਸ਼ਾਹ’ (1953) ਵਿਚ ਸਤੀਸ਼ ਬੱਤਰਾ ਨੇ ਫ਼ਿਲਮ ’ਚ ਮੁਤਆਰਿਫ਼ ਹੋਏ ਸਿਆਲਕੋਟ ਦੇ ਗੱਭਰੂ ਦਲਜੀਤ ਦੇ ਪਿਓ ਤੇ ਪਿੰਡ ਦੇ ‘ਦੀਵਾਨ ਜੀ’ ਦਾ ਸ਼ਾਨਦਾਰ ਪਾਰਟ ਅਦਾ ਕੀਤਾ ਸੀ। ਸਮਸ ਪ੍ਰੋਡਕਸ਼ਨਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਲਾਰਾ ਲੱਪਾ’ (1953) ’ਚ ਉਸ ਨੇ ਧਨੀ ਰਾਮ ਦੇ ਸੰਗੀਤ ਵਿਚ ਮਨੋਹਰ ਸਿੰਘ ਸਹਿਰਾਈ ਦਾ ਲਿਖਿਆ ਮਜ਼ਾਹੀਆ ਗੀਤ ਗਾਇਆ ‘ਮੇਲਾ ਦੋ ਦਿਨ ਹੋ ਜੀ ਆਜਾ ਮਾਣ ਲੈ ਮੌਜ ਜਿੰਦੇ ਮੇਰੀਏ’ (ਨਾਲ ਐੱਸ. ਬਲਬੀਰ, ਸ਼ਮਸ਼ਾਦ ਬੇਗ਼ਮ) ਜੋ ਸੁੰਦਰ, ਮਜਨੂੰ, ਸ਼ਿਆਮਾ ਤੇ ਕੁਲਦੀਪ ਕੌਰ ’ਤੇ ਫ਼ਿਲਮਾਇਆ ਗਿਆ ਸੀ। ਦਰਬਾਰ ਥੀਏਟਰ, ਬੰਬੇ ਦੀ ਐੱਸ. ਅਰੋੜਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸ਼ਾਹ ਜੀ’ (1954) ਵਿਚ ਸਤੀਸ਼ ਬੱਤਰਾ ਨੇ ‘ਸ਼ਾਹ ਜੀ’ ਦਾ ਟਾਈਟਲ ਰੋਲ ਅਦਾ ਕੀਤਾ ਸੀ। ਇਹ ਫ਼ਿਲਮ 4 ਅਪਰੈਲ 1954 ਨੂੰ ਓਡੀਅਨ ਥੀਏਟਰ, ਜਲੰਧਰ ਵਿਖੇ ਨੁਮਾਇਸ਼ ਹੋਈ। ਕਵਾਤੜਾ ਬ੍ਰਦਰਜ਼, ਬੰਬੇ ਦੀ ਮਜਨੂੰ (ਹੈਰੋਲਡ ਲੂਈਸ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਵਣਜਾਰਾ’ (1954) ’ਚ ਉਸ ਨੇ ਮਹਿਮਾਨ ਅਦਾਕਾਰ ਵਜੋਂ ਅਦਾਕਾਰ ਅਮਰਨਾਥ ਦੇ ਪਿਓ ‘ਮਲਿਕ ਜੀ’ ਦਾ ਮਜ਼ਾਹੀਆ ਕਿਰਦਾਰ ਨਿਭਾਇਆ। ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਮਜਨੂੰ (ਹੈਰੋਲਡ ਲੂਈਸ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪੱਗੜੀ ਸੰਭਾਲ ਜੱਟਾ’ (1960) ’ਚ ਉਸ ਨੇ ਮਜ਼ਾਹੀਆ ਚਰਿੱਤਰ ਕਿਰਦਾਰ ਅਦਾ ਕੀਤਾ। ਸਤੀਸ਼ ਬੱਤਰਾ ਦੀ ਆਖ਼ਰੀ ਪੰਜਾਬੀ ਫ਼ਿਲਮ ਸੀਤਲ ਮੂਵੀਜ਼, ਬੰਬੇ ਦੀ ਕੇ. ਚੰਦਰਾ ਨਿਰਦੇਸ਼ਿਤ ਫ਼ਿਲਮ ‘ਭਰਜਾਈ’ (1964) ਸੀ, ਜਿਸ ਵਿਚ ਉਨ੍ਹਾਂ ਨੇ ਚਾਚੇ ‘ਝਗੜੂ’ ਦਾ ਕਿਰਦਾਰ ਨਿਭਾਇਆ ਜਦੋਂਕਿ ਟਾਈਟਲ ਰੋਲ ਕ੍ਰਿਸ਼ਨਾ ਕੁਮਾਰੀ ਨਿਭਾ ਰਹੀ ਸੀ।
ਸ਼ੋਰੀ ਫ਼ਿਲਮਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਫ਼ਿਲਮ ‘ਏਕ ਥੀ ਲੜਕੀ’ (1949) ’ਚ ਉਸ ਨੇ ‘ਸੇਠ ਸ਼ਾਮ ਸੁੰਦਰ’ ਦਾ ਮਜ਼ਾਹੀਆ ਚਰਿੱਤਰ ਕਿਰਦਾਰ ਨਿਭਾਇਆ। ਕ੍ਰਿਸ਼ਨ ਮੂਵੀਟੋਨ, ਬੰਬੇ ਦੀ ਰਾਮ ਦਰਯਾਨੀ ਨਿਰਦੇਸ਼ਿਤ ਫ਼ਿਲਮ ‘ਭਾਈ ਬਹਿਨ’ (1950) ’ਚ ਸਤੀਸ਼ ਨੇ ਸ਼ਿਆਮ ਸੁੰਦਰ ਦੇ ਸੰਗੀਤ ’ਚ ਰਾਜਾ ਮਹਿੰਦੀ ਅਲੀ ਖ਼ਾਨ ਦੇ ਲਿਖੇ 2 ਗੀਤ ‘ਹਮ ਚਾਂਦ ਸੀ ਏਕ ਦੁਲਹਨ’ ਤੇ ‘ਤੁਮਕੋ ਹਮਸੇ ਪਿਆਰ ਹੈ’ (ਨਾਲ ਸ਼ਮਸ਼ਾਦ ਬੇਗ਼ਮ) ਗਾਏ ਜੋ ਬਹੁਤ ਪਸੰਦ ਕੀਤੇ ਗਏ। ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਨਜ਼ਮ ਨੱਕਵੀ ਨਿਰਦੇਸ਼ਿਤ ਫ਼ਿਲਮ ‘ਨਿਰਦੋਸ਼’ (1950) ’ਚ ਉਸ ਨੇ ਸ਼ਿਆਮ ਸੁੰਦਰ ਦੇ ਸੰਗੀਤ ’ਚ ਰਾਜਾ ਮਹਿੰਦੀ ਅਲੀ ਖ਼ਾਨ ਦਾ ਲਿਖਿਆ ਇਕ ਗੀਤ ਗਾਇਆ ‘ਦਿਲ ਨਾ ਲਗਾਨਾ ਸੁਨ ਪੰਛੀ ਪਛਤਾਏਗਾ’ (ਨਾਲ ਸ਼ਮਸ਼ਾਦ ਬੇਗ਼ਮ)।
ਸ਼ੋਰੀ ਬੈਨਰ ਦੀ ਹੀ ਫ਼ਿਲਮ ‘ਢੋਲਕ’ (1951) ’ਚ ਉਸ ਨੇ ਮੀਨਾ ਸ਼ੋਰੀ ਦੇ ਪਿਓ ‘ਦੀਵਾਨ ਜੀ’ ਦਾ ਚਰਿੱਤਰ ਪਾਰਟ ਅਦਾ ਕੀਤਾ। ਸ਼ੋਰੀ ਆਰਟ ਪ੍ਰੋੋਡਕਸ਼ਨਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਫ਼ਿਲਮ ‘ਮੁਖੜਾ’ (1951) ਵਿਚ ਸਤੀਸ਼ ਬੱਤਰਾ ਨੇ ਹੀਰੋ ਦਾ ਪਾਰਟ ਅਦਾ ਕੀਤਾ, ਜਿਸ ਦੇ ਰੂਬਰੂ ਅਦਾਕਾਰਾ ਕੁਲਦੀਪ ਕੌਰ ਮੌਜੂਦ ਸੀ। ਪਾਕਿਸਤਾਨ ਵਿਚ ਇਹ ਫ਼ਿਲਮ ਆਪਣੇ ਦੂਸਰੇ ਟਾਈਟਲ ‘ਹਮਾਰੀ ਗਲੀਆਂ’ (1954) ਦੇ ਨਾਮ ਨਾਲ 11 ਮਾਰਚ 1955 ਨੂੰ ਲਾਹੌਰ ਵਿਖੇ ਨੁਮਾਇਸ਼ ਹੋਈ। ਫ਼ਿਲਮ ਵਿਚ ਬੱਤਰਾ ਨੇ ਵਿਨੋਦ ਦੇ ਸੰਗੀਤ ਵਿਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਗੀਤ ‘ਮਹਿਲੋਂ ਕੇ ਰਹਿਨੇ ਵਾਲੇ ਮਹਿਲੋਂ ਮੇਂ ਹੰਸ ਰਹੇਂ ਹੈਂ’ (ਨਾਲ ਜ਼ੀਨਤ ਬੇਗ਼ਮ) ਵੀ ਬੜਾ ਮਕਬੂਲ ਹੋਇਆ। ਨਿਰਮਲ ਪਿਕਚਰਜ਼, ਬੰਬੇ ਦੀ ਅਜ਼ੀਜ਼ ਕਸ਼ਮੀਰੀ ਨਿਰਦੇਸ਼ਿਤ ਫ਼ਿਲਮ ‘ਸਬਜ਼ ਬਾਗ਼’ (1951), ਸ਼ੋਰੀ ਫ਼ਿਲਮਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਫ਼ਿਲਮ ‘ਆਗ ਕਾ ਦਰਿਆ’ ਤੇ ਮਜ਼ਾਹੀਆ ਫ਼ਿਲਮ ‘ਏਕ ਦੋ ਤੀਨ’ (1953) ’ਚ ਸੋਹਣੀ ਅਦਾਕਾਰੀ ਕੀਤੀ। ਮੋਹਨ ਪਿਕਚਰਜ਼, ਬੰਬੇ ਦੀ ਕੇ. ਅਮਰਨਾਥ ਨਿਰਦੇਸ਼ਿਤ ਫ਼ਿਲਮ ‘ਸਰਕਾਰ’ (1951) ’ਚ ਉਸ ਨੇ ਪੰਡਤ ਗੋਬਿੰਦਰਾਮ ਦੇ ਸੰਗੀਤ ’ਚ ਕਮਰ ਜਲਾਲਾਬਾਦੀ ਦਾ ਲਿਖਿਆ ਇਕ ਗੀਤ ਸ਼ਮਸ਼ਾਦ ਬੇਗ਼ਮ ਨਾਲ ਗਾਇਆ ‘ਅਰੇ ਖੋਲ ਦਰਵਾਜ਼ਾ ਅਰੀ ਕੌਨ ਹੈ ਤੂ’। ਸਿਲਵਰ ਪਿਕਚਰਜ਼, ਬੰਬੇ ਦੀ ਐੱਮ. ਕੁਮਾਰ ਨਿਰਦੇਸ਼ਿਤ ਫ਼ਿਲਮ ‘ਧੁੰਨ’ (1953) ’ਚ ਮਦਨ ਮੋਹਨ ਦੇ ਸੰਗੀਤ ’ਚ ਬੱਤਰਾ ਦਾ ਗੀਤ ‘ਕੋਈ ਏਕ ਕੋਈ ਦੋ ਆਨਾ’ (ਨਾਲ ਰਫ਼ੀ, ਬਾਬੁਲ, ਸਾਥੀ) ਵੀ ਪਸੰਦ ਕੀਤਾ ਗਿਆ। ਹਬੀਬ ਸਰਹੱਦੀ ਦੀ ਫ਼ਿਲਮ ‘ਫ਼ਰਿਆਦੀ’ (1953) ’ਚ ਬੀ. ਐੱਨ. ਬਾਲੀ ਦੀ ਸੰਗੀਤ-ਨਿਰਦੇਸ਼ਨਾ ’ਚ ਇਕ ਗੀਤ ‘ਫਿਰਤੇ ਹੈਂ ਮਾਰੇ-ਮਾਰੇ’ (ਨਾਲ ਪ੍ਰਮੋਦਿਨੀ), ਬੜੋਦਾ ਥੀਏਟਰ ਲਿਮਟਿਡ ਐਂਡ ਸੁਪਰ ਮੂਵੀਜ਼, ਬੰਬੇ ਦੀ ਮਜਨੂੰ ਨਿਰਦੇਸ਼ਿਤ ਫ਼ਿਲਮ ‘ਬਾਗ਼ੀ ਸਰਦਾਰ’ (1956) ’ਚ ਅਦਾਕਾਰੀ ਕਰਨ ਦੇ ਨਾਲ ਇਕ ਗੀਤ ਬੀ. ਐੱਨ. ਬਾਲੀ ਦੇ ਸੰਗੀਤ ’ਚ ਗਾਇਆ ‘ਲਗੀ ਰੇ…ਮੇਰੀ ਮਹਿਫ਼ਿਲ ਮੇਂ ਭੀੜ ਹੈ’ (ਨਾਲ ਗੀਤਾ ਦੱਤ)।
ਇਸ ਤੋਂ ਇਲਾਵਾ ਜੌਲੀ ਪ੍ਰੋਡਕਸ਼ਨਜ਼, ਬੰਬੇ ਦੀ ਰਵੀ ਕਪੂਰ ਨਿਰਦੇਸ਼ਿਤ ਫ਼ਿਲਮ ‘ਚਲਤਾ ਪੁਰਜਾ’ (1958), ਏ. ਆਰ ਪ੍ਰੋਡਕਸ਼ਨਜ਼, ਬੰਬੇ ਦੀ ‘ਚੰਦੂ’ (1958), ਸ਼ਾਰਦਾ ਫ਼ਿਲਮਜ਼, ਬੰਬੇ ਦੀ ਫ਼ਿਲਮ ‘ਬੱਸ ਕੰਡਕਟਰ’ (1959), ਜ਼ਾਰ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਫੌਰਟੀ ਡੇਜ਼’ ਉਰਫ਼ ‘ਚਾਲੀਸ ਦਿਨ’ (1959) ਅਤੇ ਮਧੂਬਾਲਾ ਲਿਮਟਿਡ, ਬੰਬੇ ਦੀ ‘ਮਹਿਲੋਂ ਕੇ ਖ਼ਾਬ’ (1960) ’ਚ ਸ਼ਾਨਦਾਰ ਮਜ਼ਾਹੀਆ ਚਰਿੱਤਰ ਕਿਰਦਾਰ ਨਿਭਾਏ।
ਸਤੀਸ਼ ਬੱਤਰਾ ਫ਼ਿਲਮਾਂ ਤੋਂ ਕਿਨਾਰਾਕਸ਼ੀ ਕਰਨ ਤੋਂ ਬਾਅਦ ਕਿੱਥੇ ਚਲਾ ਗਿਆ, ਕਦੋਂ ਫ਼ੌਤ ਹੋਇਆ ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗਿਆ।
ਸੰਪਰਕ: 097805-09545