ਚੰਡੀਗੜ੍ਹ: ਪਿਛਲੇ ਸਾਲ ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਦੋਸ਼ ਹੇਠ ਹੋਈ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ’ਤੇ ਆਏ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਸਨ। ਰਾਜ ਕੁੰਦਰਾ ਨੂੰ ਜੁਲਾਈ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਲਗਪਗ ਦੋ ਮਹੀਨਿਆਂ ਬਾਅਦ ਉਸ ਨੂੰ ਜ਼ਮਾਨਤ ਮਿਲੀ ਸੀ, ਜਿਸ ਮਗਰੋਂ ਨਵੰਬਰ ਮਹੀਨੇ ਦੀ ਪਹਿਲੀ ਤਰੀਕ ਨੂੰ ਰਾਜ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਬੰਦ ਕੀਤੇ ਸਨ। ਰਾਜ ਨੇ ਮੁੜ ਇੰਸਟਾਗ੍ਰਾਮ ’ਤੇ ਆਪਣਾ ਅਕਾਊਂਟ ਬਣਾਇਆ ਹੈ, ਜਿਸ ’ਤੇ ਉਸ ਨੇ ‘ਲਵ ਯੂਅਰ ਲਾਈਫ਼’ ਲਿਖਿਆ ਹੈ। ਇਸ ਅਕਾਊਂਟ ਵਿੱਚ ਕੋੋਈ ਪੋਸਟ ਨਹੀਂ ਹੈ ਤੇ ਉਹ ਸਿਰਫ਼ ਇੱਕ ਹੀ ਅਕਾਊਂਟ ਨੂੰ ਫਾਲੋ ਕਰ ਰਿਹਾ ਹੈ, ਜੋ ਉਸ ਦੇ ਰੇਸਤਰਾਂ ਬਸਤੀਆਂ ਦਾ ਹੈ। ਰਾਜ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਤੇ ਪੁੱਤਰ ਵਿਆਨ ਰਾਜ ਕੁੰਦਰਾ ਨੂੰ ਵੀ ਫਾਲੋ ਨਹੀਂ ਕਰ ਰਿਹਾ। ਇਸ ਵਾਰ ਉਸ ਦਾ ਇਹ ਅਕਾਊਂਟ ਨਿੱਜੀ ਹੈ। ਫਿਲਹਾਲ ਰਾਜ ਕੁੰਦਰਾ ਕਿਸੇ ਵੀ ਇਕੱਠ ਵਿੱਚ ਸ਼ਾਮਲ ਹੋਣ ਤੋਂ ਪ੍ਰਹੇਜ਼ ਕਰ ਰਿਹਾ ਹੈ। ਉਹ ਆਖ਼ਰੀ ਵਾਰ ਸ਼ਿਰੜੀ ਦੇ ਸਾਈ ਬਾਬਾ ਮੰਦਿਰ ਵਿੱਚ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਨਾਲ ਵੇਖਿਆ ਗਿਆ ਸੀ। -ਟ੍ਰਿਬਿਊਨ ਵੈੱਬ ਡੈਸਕ