ਗਗਨਦੀਪ ਅਰੋੜਾ
ਲੁਧਿਆਣਾ, 4 ਨਵੰਬਰ
ਇੱਥੇ ਅੱਜ ਜੀਆਰਪੀ ਏਡੀਜੀਪੀ ਸ਼ਸ਼ੀ ਪ੍ਰਭਾ ਰੇਲਵੇ ਸਟੇਸ਼ਨ ‘ਤੇ ਅਚਾਨਕ ਹੀ ਛਾਪਾ ਮਾਰਿਆ। ਇਸ ਮੌਕੇ ਉਨ੍ਹਾਂ ਰੇਲਵੇ ਸਟੇਸ਼ਨ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੇਲਵੇ ਸਟੇਸ਼ਨ ‘ਤੇ ਸਾਰੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਏਡੀਜੀਪੀ ਨੇ ਸਟੇਸ਼ਨ ਦੇ ਸਾਰੇ ਪਲੇਟਫਾਰਮ, ਵੇਟਿੰਗ ਰੂਮ, ਆਰਪੀਐਫ ਪੋਸਟ ਆਦਿ ਦੀ ਵੀ ਜਾਂਚ ਕੀਤੀ।
ਸਟੇਸ਼ਨ ‘ਤੇ ਲਗਾਤਾਰ ਹੋਣ ਵਾਲੀਆਂ ਵਾਰਦਾਤਾਂ ਨੂੰ ਰੋਕਣ ਲਈ ਏਡੀਜੀਪੀ ਸ਼ਸ਼ੀ ਪ੍ਰਭਾ ਨੇ ਜੀਆਰਪੀ ਤੇ ਆਰਪੀਐਫ ਦੋਵੇਂ ਪੁਲੀਸ ਦੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਟੇਸ਼ਨ ਨੂੰ ਆਉਣ ਵਾਲੇ ਰਸਤਿਆਂ ਦੀ ਜਾਂਚ ਕੀਤੀ ਤੇ ਹੁਕਮ ਜਾਰੀ ਕੀਤੇ ਕਿ ਰੇਲਵੇ ਸਟੇਸ਼ਨ ਦੇ ਲਈ ਜਿੰਨੇ ਵੀ ਚੋਰ ਰਸਤੇ ਹਨ, ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇ। ਇਸ ਦੇ ਨਾਲ ਹੀ ਸਟੇਸ਼ਨ ਦੇ ਅੰਦਰ ਤੇ ਬਾਹਰ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ। ਚੈਕਿੰਗ ਦੌਰਾਨ ਏਡੀਜੀਪੀ ਨੂੰ ਪਤਾ ਲੱਗਿਆ ਕਿ ਰੇਲਵੇ ਸਟੇਸ਼ਨ ‘ਤੇ ਲੱਗੀ ਐਕਸਰੇ ਮਸ਼ੀਨ ਪਿਛਲੇ ਛੇ ਮਹੀਨੇ ਤੋਂ ਬੰਦ ਪਈ ਹੈ। ਉਨ੍ਹਾਂ ਮੌਕੇ ‘ਤੇ ਹੀ ਸਬੰਧਤ ਅਫ਼ਸਰਾਂ ਦੀ ਕਲਾਸ ਲਗਾਈ ਤੇ ਹੁਕਮ ਜਾਰੀ ਕੀਤੇ ਕਿ ਇਸ ਮਸ਼ੀਨ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਏ। ਏਡੀਜੀਪੀ ਨੇ ਕਿਹਾ ਕਿ ਜੀਆਰਪੀ ਵਿੱਚ ਨਫ਼ਰੀ ਦੀ ਘਾਟ ਸਾਹਮਣੇ ਆਈ ਹੈ, ਜਿਸ ਲਈ ਜਲਦ ਹੀ ਹੋਰ ਫੋਰਸ ਲੁਧਿਆਣਾ ਵਿੱਚ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਵਿੱਚ ਨਾਜਾਇਜ਼ ਵੈਡਿੰਗ ਹੋ ਰਹੀ ਹੈ, ਉਸ ਨੂੰ ਲੈ ਕੇ ਦੋਵੇਂ ਫੋਰਸਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਰੇਲ ਪਟੜੀਆਂ ‘ਤੇ ਮਿਲਣ ਵਾਲੀਆਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਵਾਉਣ ਵਾਲੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਣ ਦਾ ਮਾਮਲ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵੀ ਜਲਦ ਹੀ ਨਿਪਟਾ ਲਿਆ ਜਾਏਗਾ। ਇਸ ਮੌਕੇ ਉਨ੍ਹਾਂ ਨੇ ਨਾਲ ਰੇਲਵੇ ਸਟੇਸ਼ਨ ਦੇ ਸਾਰੇ ਉੱਚ ਅਧਿਕਾਰੀ ਮੌਜੂਦ ਸਨ।