ਮੁੰਬਈ, 7 ਜੁਲਾਈ
ਅਦਾਕਾਰਾ ਈਸ਼ਾ ਦਿਓਲ ਤਖਤਾਨੀ ਡਿਜੀਟਲ ਪਲੇਟਫਾਰਮ ’ਤੇ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਅਜੈ ਦੇਵਗਨ ਦੀ ਸੀਰੀਜ਼ ‘ਰੁਦਰਾ: ਦਿ ਐੱਜ ਆਫ ਡਾਰਕਨੈੱਸ’ ਵਿੱਚ ਨਜ਼ਰ ਆਵੇਗੀ। ਇਹ ਸੀਰੀਜ਼ ਵਿਸ਼ਵ ਪੱਧਰ ’ਤੇ ਮਸ਼ਹੂਰ ਬ੍ਰਿਟਿਸ਼ ਸੀਰੀਜ਼ ‘‘ਲੂਥਰ’’ ਦਾ ਰੀਮੇਕ ਹੋਵੇਗੀ। ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਈਸ਼ਾ ਦਿਓਲ ਨੇ ਕਿਹਾ, ‘‘ਮੈਂ ਲੰਮੇ ਸਮੇਂ ਬਾਅਦ ਅਜੈ ਦੇਵਗਨ ਨਾਲ ਕੰਮ ਕਰ ਰਹੀ ਹਾਂ। ਉਹ ਕਈ ਫਿਲਮਾਂ ਵਿੱਚ ਮੇਰੇ ਲਈ ਬਿਹਤਰੀਨ ਸਹਿ-ਕਲਾਕਾਰ ਰਿਹਾ ਹੈ। ਇਕ ਅਦਾਕਾਰ ਹੋਣ ਦੇ ਨਾਤੇ, ਮੈਂ ਉਨ੍ਹਾਂ ਪ੍ਰਾਜੈਕਟਾਂ ’ਚ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹਾਂ, ਜੋ ਮੈਨੂੰ ਕੁਝ ਨਵਾਂ ਤਲਾਸ਼ਣ ਤੇ ਦਰਸ਼ਕ ਵਜੋਂ ਬੰਨ੍ਹ ਕੇ ਰੱਖਣ ਵਿੱਚ ਮਦਦ ਕਰਨ। ਇਹ ਸੀਰੀਜ਼ ਅਜਿਹਾ ਪੁਲੀਸ ਡਰਾਮਾ ਹੈ, ਜੋ ਪਹਿਲਾਂ ਕਦੇ ਵੀ ਭਾਰਤੀ ਸਿਨੇਮਾ ਵਿੱਚ ਨਹੀਂ ਦਿਖਾਇਆ ਗਿਆ। ਓਟੀਟੀ ਦੀ ਸਫ਼ਲਤਾ ਨੇ ਮੈਨੂੰ ਡਿਜੀਟਲ ਪਰਦੇ ’ਤੇ ਸ਼ੁਰੂਆਤ ਕਰਨ ਲਈ ਪ੍ਰੇਰਿਆ ਹੈ।’’ ਈਸ਼ਾ ਨੂੰ ਇਸ ਤੋਂ ਪਹਿਲਾਂ 2019 ਵਿੱਚ ਸ਼ਾਰਟ ਫਿਲਮ ‘ਕੇਕਵਾਕ’ ਵਿੱਚ ਦੇਖਿਆ ਗਿਆ ਸੀ। ਉਹ ਅਜੈ ਦੇਵਗਨ ਨਾਲ ਫਿਲਮ ‘ਮੈਂ ਐਸਾ ਹੀ ਹੂੰ’, ‘ਐੱਲਓਸੀ ਕਾਰਗਿਲ’ ਅਤੇ ‘ਯੁਵਾ’ ਵਿੱਚ ਵੀ ਕੰਮ ਕਰ ਚੁੱਕੀ ਹੈ। -ਆਈਏਐੱਨਐੱਸ