ਪਰਸ਼ੋਤਮ ਬੱਲੀ
ਬਰਨਾਲਾ, 6 ਅਗਸਤ
ਇਥੇ ਰੇਲਵੇ ਸਟੇਸ਼ਨ ’ਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਲੱਗੇ ਸਾਂਝੇ ਕਿਸਾਨੀ ਧਰਨੇ ਮੌਕੇ ਅੱਜ ਬੁਲਾਰਿਆਂ ਨੇ ਸਰਕਾਰ ਦੇ ਐੱਮਐੱਸਪੀ ਪ੍ਰੋਗਰਾਮ ਦੇ ਪਾਜ ਨੰਗੇ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰ ਫਸਲਾਂ ਦੀਆਂ ਲਾਗਤਾਂ ਦੇ ਅਨੁਮਾਨ ਸਮੇਂ ਕਿਸਾਨ ਪਰਿਵਾਰ ਦੀ ਕਿਰਤ ਦਾ ਪੂਰਾ ਮੁੱਲ ਨਹੀਂ ਪਾਉਂਦੀ। ਕਿਸਾਨ ਨੂੰ ਹੁਨਰਮੰਦ ਕਾਮਾ ਨਹੀਂ ਸਮਝਿਆ ਜਾਂਦਾ, ਜਿਸ ਕਰਕੇ ਉਸ ਦੀ ਕਿਰਤ ਦਾ ਪੂਰੀ ਲਾਗਤ ਨਹੀਂ ਲਾਈ ਜਾਂਦੀ। ਬੁਲਾਰਿਆਂ ’ਚ ਬਲਵੰਤ ਸਿੰਘ ਉੱਪਲੀ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਚਰਨਜੀਤ ਕੌਰ, ਨੇਕਦਰਸ਼ਨ ਸਿੰਘ, ਬਲਵੀਰ ਕੌਰ ਕਰਮਗੜ੍ਹ, ਅਮਰਜੀਤ ਕੌਰ, ਮਨਜੀਤ ਰਾਜ, ਗੋਰਾ ਸਿੰਘ ਢਿੱਲਵਾਂ ਸ਼ਾਮਲ ਸਨ। ਬੁਲਾਰਿਆਂ ਨੇ ਦੱਸਿਆ ਕਿ 9 ਅਗਸਤ ਨੂੰ ਬਰਨਾਲਾ, ਸੰਗਰੂਰ ਤੇ ਲੁਧਿਆਣਾ ਜ਼ਿਲ੍ਹਿਆਂ ਤੋਂ ਔਰਤਾਂ ਦੇ ਵੱਡੇ ਜਥੇ ਦਿੱਲੀ ਵੱਲ ਰਵਾਨਾ ਹੋਣਗੇ। ਬੁਲਾਰਿਆਂ ਨੇ ਕਥਿਤ ਉਚ-ਜਾਤੀ ਦੇ ਹੁਲੜਬਾਜ਼ਾਂ ਵੱਲੋਂ ਓਲੰਪੀਅਨ ਵੰਦਨਾ ਕਟਾਰੀਆ ਦੇ ਘਰ ਮੂਹਰੇ ਹੁੱਲੜਬਾਜ਼ੀ ਕਰਨ ਅਤੇ ਜਾਤੀ ਸੂਚਕ ਗਾਲਾਂ ਦੇਣ ਦੀ ਸਖ਼ਤ ਨਿਖੇਧੀ ਕੀਤੀ। ਰਾਜਵਿੰਦਰ ਸਿੰਘ ਮੱਲੀ ਅਤੇ ਪ੍ਰੀਤ ਕੌਰ ਧੂਰੀ ਦੇ ਕਵੀਸ਼ਰੀ ਜਥਿਆਂ ਨੇ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ ‘ਚ ਜੋਸ਼ ਭਰਿਆ।