ਖੇਤਰੀ ਪ੍ਰਤੀਨਿਧ
ਸਨੌਰ, 24 ਸਤੰਬਰ
ਪਟਿਆਲਾ-ਰਾਜਪੁਰਾ ਰੇਲਵੇ ਲਾਈਨ ’ਤੇ ਦੌਣਕਲਾਂ ਵਿੱਚ ਸਥਿਤ ਰੇਲਵੇ ਫਾਟਕ ’ਤੇ ਬਣਾਏ ਜਾ ਰਹੇ ਅੰਡਰਪਾਸ ਨੂੰ ਲੈ ਕੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਇਥੇ ਧਰਨਾ ਮਾਰਿਆ। ਧਰਨੇ ਨੂੰ ਸੰਬੋਧਨ ਕਰਦਿਆਂ, ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸੱਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਅੰਡਰਪਾਸ ਗਲਤ ਢੰਗ ਨਾਲ ਬਣਾਇਆ ਗਿਆ ਹੈ। ਇਹ ਤੰਗ ਹੋਣ ਕਾਰਨ ਮਾਲ ਨਾਲ ਭਰੇ ਵਾਹਨੲ ਦਾ ਲੰਘਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਦੌਣਕਲਾਂ ਵਿੱਚ 10 ਸ਼ਉਂਲਰ ਅਤੇ ਹੋਰ ਸਨਅਤੀ ਯੂਨਿਟ ਹਨ। ਇਹ ਰਸਤਾ ਅੱਗੇ ਜਾ ਕੇ 15 ਪਿੰਡਾਂ ਨੂੰ ਮੁੱਖ ਸੜਕ ਨਾਲ ਜੋੜਦਾ ਹੈ। ਬਣਾਇਆ ਗਿਆ ਅੰਡਰਪਾਸ ਬਹੁਤ ਹੀ ਤੰਗ ਹੈ। ਇਸ ਵਿੱਚੋਂ ਨਾ ਤਾਂ ਮਾਲ ਨਾਲ ਭਰੀ ਕੋਈ ਗੱਡੀ ਲੰਘ ਸਕਦੀ ਹੈ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਇਸ ਅੰਡਰਪਾਸ ’ਚ ਸੁਧਾਰ ਕਰਕੇ ਦੁਬਾਰਾ ਨਾ ਬਣਾਉਣ ਦਾ ਫੈਸਲਾ ਨਾ ਲਿਆ ਗਿਆ, ਤਾਂ 29 ਸਤੰਬਰ ਨੂੰ ਇਥੇ ਰੇਲਵੇ ਟਰੈਕ ’ਤੇ ਧਰਨਾ ਦੇ ਕੇ ਰੇਲਵੇ ਆਵਜਾਈ ਰੋਕੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਮੱਖਣ ਸਿੰਘ, ਸਰਪੰਚ ਬਲਵੀਰ ਸਿੰਘ ਦੌਣਕਲਾਂ, ਗੁਰਦਰਸ਼ਨ ਸਿੰਘ ਸਰਪੰਚ ਜਨਹੇੜੀਆਂ, ਸੁਰਮੁਖ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ, ਜਗਵੰਤ ਸਿੰਘ, ਨਰਿੰਦਰ ਸਿੰਘ, ਸਤਵਿੰਦਰ ਸਿੰਘ, ਜਸਵਿੰਦਰ ਕੌਰ, ਅਮਨਦੀਪ ਕੌਰ ਆਦਿ ਵੀ ਮੌਜੂਦ ਸਨ।