ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਅਪਰੈਲ
ਜਗਰਾਉਂ ਦੀ ਪ੍ਰਮੁੱਖ ਅਨਾਜ ਮੰਡੀ ਸਮੇਤ ਇਲਾਕੇ ਦੀਆਂ ਪੇਂਡੂ ਮੰਡੀਆਂ ’ਚ ਚੁਕਾਈ ਦੀ ਸਮੱਸਿਆ ਗੰਭੀਰ ਬਣ ਗਈ ਹੈ। ਇਸ ਖ਼ਿਲਾਫ਼ ਭੜਕੇ ਗੱਲਾ ਮਜ਼ਦੂਰਾਂ ਨੇ ਅੱਜ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗੱਲ ਮਜਦੂਰ ਯੂਨੀਅਨ ਨੇ ਤਾੜਨਾ ਕੀਤੀ ਕਿ ਜੇਕਰ ਇਕ ਦੋ ਦਿਨਾਂ ’ਚ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ। ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਵੀ ਗੱਲਾ ਮਜਦੂਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂਆਂ ਨੇ ਇਸ ਮੁੱਦੇ ’ਤੇ ਵਿੱਢੇ ਜਾਣ ਵਾਲੇ ਸੰਘਰਸ਼ ’ਚ ਸ਼ਮੂਲੀਅਤ ਦਾ ਵੀ ਭਰੋਸਾ ਦਿੱਤਾ। ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ। ਖਰੀਦ, ਅਦਾਇਗੀ, ਬਾਰਦਾਨੇ ਸਮੇਤ ਹੋਰਨਾਂ ਪ੍ਰਬੰਧਾਂ ’ਚ ਨਾਕਾਮ ਸਾਬਤ ਹੋਈ ਸਰਕਾਰ ਢੋਆ ਢੁਆਈ ਦੇ ਮਾਮਲੇ ’ਚ ਵੀ ਫੇਲ੍ਹ ਹੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਕੱਲੀ ਜਗਰਾਉਂ ਮੰਡੀ ’ਚ ਪੰਜ ਲੱਖ ਤੋਂ ਉਪਰ ਕਣਕ ਦੀ ਬੋਰੀ ਖਰੀਦ ਏਜੰਸੀਆਂ ਵਲੋਂ ਚੁੱਕਣ ਖੁਣੋਂ ਖੁੱਲ੍ਹੇ ਅਸਮਾਨ ਹੇਠ ਪਈ ਹੈ। ਪੇਂਡੂ ਬਰਾਂਚਾਂ ਦਾ ਵੀ ਬਹੁਤ ਬੁਰਾ ਹਾਲ ਹੈ। ਪਨਗਰੇਨ, ਮਾਰਕਫੈੱਡ, ਪਨਸਪ, ਸਿਵਲ ਸਪਲਾਈ ਏਜੰਸੀਆਂ ਵਲੋਂ ਨਾਮਾਤਰ ਚੁਕਾਈ ਹੋ ਰਹੀ ਹੈ। ਖਰੀਦ ਏਜੰਸੀਆਂ, ਟਰੱਕ ਯੂਨੀਅਨ, ਠੇਕੇਦਾਰ, ਲੇਬਰ ਅਤੇ ਪ੍ਰਸਾਸ਼ਨ ਦਾ ਆਪਸ ’ਚ ਕੋਈ ਤਾਲਮੇਲ ਨਹੀਂ ਹੈ। ਕਿਸਾਨ ਆਗੂਆਂ ਨੇ ਇਸ ਮੁੱਦੇ ’ਤੇ ਰਾਜ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨਾਲ ਫੋਨ ’ਤੇ ਗੱਲ ਕਰਨੀ ਚਾਹੀ, ਪਰ ਮੰਤਰੀ ਨੇ ਫੋਨ ਨਹੀਂ ਚੁੱਕਿਆ। ਅਜਿਹੇ ਹਾਲਾਤਾਂ ’ਚ ਮਜ਼ਦੂਰ ਮੰਡੀਆਂ ’ਚ ਪ੍ਰੇਸ਼ਾਨ ਹੋ ਰਹੋ ਹਨ। ਪਨਗਰੇਨ ਦੇ ਅਧਿਕਾਰੀ ਨਾਲ ਗੱਲ ਕੀਤੀ ਕਿ ਸਰਕਾਰੀ ਕਾਨੂੰਨ ਮੁਤਾਬਿਕ 72 ਘੰਟੇ ’ਚ ਲਿਫਟਿੰਗ ਹੋਣੀ ਹੁੰਦੀ ਹੈ ਤਾਂ ਉਸ ਦਾ ਜਵਾਬ ਸੀ ਕਿ ਠੇਕੇਦਾਰਾਂ ਨੂੰ ਨੋਟਿਸ ਕੱਢ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀ ’ਚ ਕੋਈ ਚੌਕੀਦਾਰ ਨਹੀਂ, ਆਵਾਰਾ ਪਸ਼ੂਆਂ ਅਤੇ ਚੋਰੀ ਦਾ ਖ਼ਤਰਾ ਆਮ ਹੈ। ਤੇਜ਼ ਧੱੁਪ ਕਾਰਨ ਅਨਾਜ ਸੁੱਕਣ ਕਰਕੇ ਤੋਲ ਘਟ ਜਾਂਦਾ ਹੈ ਅਤੇ ਘਾਟਾ ਮਜਦੂਰਾਂ ਸਿਰ ਮੜ੍ਹਿਆ ਜਾਂਦਾ ਹੈ।