ਸ੍ਰੀਨਗਰ, 23 ਅਕਤੂਬਰ
ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਬਿੂਬਾ ਮੁਫ਼ਤੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਅਤੇ ਹੁਣੇ ਜਿਹੇ ਬਣੇ ਗੁਪਕਾਰ ਗੱਠਜੋੜ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਚੋਣਾਂ ਲੜਨ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ। ਕਰੀਬ 14 ਮਹੀਨਿਆਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਬਿੂਬਾ ਨੇ ਕਿਹਾ ਕਿ ਜਦੋਂ ਤੱਕ ਸੂਬੇ ਦਾ ਝੰਡਾ ਅਤੇ ਸੰਵਿਧਾਨ ਮੁੜ ਬਹਾਲ ਨਹੀਂ ਹੋ ਜਾਂਦਾ, ਉਹ ਨਿੱਜੀ ਤੌਰ ’ਤੇ ਚੋਣਾਂ ਲੜਨ ਦੇ ਪੱਖ ’ਚ ਨਹੀਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ’ਚ ਚੋਣ ਰੈਲੀ ਦੌਰਾਨ ਧਾਰਾ 370 ਦਾ ਮੁੱਦਾ ਉਠਾਏ ਜਾਣ ’ਤੇ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਮੋਦੀ ਧਾਰਾ 370 ਨੂੰ ਸੂਬੇ ’ਚੋਂ ਹਟਾਉਣ ਦਾ ਸਿਆਸੀ ਲਾਹਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਵਾਲੀ ਇਸ ਧਾਰਾ ਨੂੰ ਸਿਆਸੀ ਮੁੱਦਾ ਨਹੀਂ ਬਣਨ ਦੇਣਗੇ। ਆਪਣੀ ਗੁਪਕਾਰ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਜਿਥੋਂ ਤੱਕ ਪੀਡੀਪੀ ਦਾ ਸਬੰਧ ਹੈ ਤਾਂ ਹੁਣ ਉਹ ਇਕੱਲੀ ਨਹੀਂ ਹੈ। ਜੇਕਰ ਯਾਦ ਹੋਵੇ ਤਾਂ ਅਸੀਂ ਐੱਨਸੀ ਨਾਲ ਮਿਲ ਕੇ ਪੰਚਾਇਤ ਚੋਣਾਂ ਨਾ ਲੜਨ ਦਾ ਸਟੈਂਡ ਲਿਆ ਸੀ। ਇਸ ਵਾਰ ਵੀ ਅਸੀਂ ਪਹਿਲਾਂ ਪਾਰਟੀ ’ਚ ਵਿਚਾਰ ਕਰਾਂਗੇ ਅਤੇ ਫਿਰ ਗੱਠਜੋੜ ’ਚ ਇਸ ’ਤੇ ਚਰਚਾ ਹੋਵੇਗੀ।’’ ਉਨ੍ਹਾਂ ਕਿਹਾ ਕਿ ਗੱਠਜੋੜ ਦਾ ਫ਼ੈਸਲਾ ਸਾਰਿਆਂ ’ਤੇ ਲਾਗੂ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੱਤਾ ਦੇ ਭੁੱਖੇ ਨਹੀਂ ਹਨ ਸਗੋਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ,‘‘ਮੇਰੇ ਝੰਡੇ ਅਤੇ ਮੇਰੇ ਸੰਵਿਧਾਨ ਤੋਂ ਬਿਨਾਂ ਮੈਂ ਹਲਫ਼ ਨਹੀਂ ਚੁੱਕਾਂਗੀ।’’ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਲੜਨ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਫ਼ੈਸਲਾ ਗੁਪਕਾਰ ਗੱਠਜੋੜ ਦੀ ਬੈਠਕ ’ਚ ਲਿਆ ਜਾਵੇਗਾ।
-ਪੀਟੀਆਈ