ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ ਇੱਥੇ ਦਰਬਾਰ ਸਾਹਿਬ ਸਾਹਮਣੇ ਪਲਾਜ਼ਾ ਵਿੱਚ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਸੋਨ ਤਗਮੇ ਨਾਲ ਸਨਮਾਨ ਕੀਤਾ। ਇਸ ਦੌਰਾਨ ਕੁੰਵਰ ਵਿਜੈ ਪ੍ਰਤਾਪ ਨੇ ਆਖਿਆ ਕਿ ਮੁਲਜ਼ਮ ਆਰਥਿਕ ਅਤੇ ਸਿਆਸੀ ਪੱਧਰ ’ਤੇ ਤਾਕਤਵਰ ਹਨ ਅਤੇ ਉਹ ਕੁਝ ਵੀ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੁੜ ਜਾਂਚ ਲੋਕਾਂ ਨੂੰ ਸਿਰਫ ਗੁਮਰਾਹ ਕਰਨ ਵਾਲੀ ਹੋਵੇਗੀ। ਉਨ੍ਹਾਂ ਅਨੁਸਾਰ ਜੇ ਫ਼ਰੀਦਕੋਟ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਨ੍ਹਾਂ ਦੇ ਗਵਾਹ ਸੁਣਕੇ ਅਤੇ ਸਬੂਤ ਦੇਖ ਕੇ ਕੋਈ ਫ਼ੈਸਲਾ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਕੋਈ ਦੁੱਖ ਨਾ ਹੁੰਦਾ। ਉਨ੍ਹਾਂ ਕਿਹਾ ਕਿ ਨੌਂ ’ਚੋਂ ਪੰਜ ਚਲਾਨ ਖਾਰਜ ਕਰ ਦਿੱਤੇ ਗਏ ਹਨ ਅਤੇ ਬਾਕੀ ਚਲਾਨ ਅਜੇ ਵੀ ਕਾਇਮ ਹਨ। ਇਸ ਸਬੰਧੀ ਫੈਸਲਾ ਵੀ ਇਸ ਅਦਾਲਤ ਵੱਲੋਂ ਹੀ ਕੀਤਾ ਜਾਣਾ ਹੈ। ਭਵਿੱਖ ਵਿੱਚ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਸਵਾਲ ਦਾ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਮੌਕੇ ਉਨ੍ਹਾਂ ਜਾਂਚ ਰਿਪੋਰਟ ਦਾ ਵਿਰੋਧ ਕਰਨ ਵਾਲਿਆਂ ਨੂੰ ਇਸ ’ਤੇ ਬਹਿਸ ਕਰਨ ਦਾ ਖੁੱਲ੍ਹਾ ਸੱਦਾ ਵੀ ਦਿੱਤਾ। ਭਾਈ ਦਾਦੂਵਾਲ ਨੇ ਆਖਿਆ ਕਿ ਕੁੰਵਰ ਵਿਜੈ ਪ੍ਰਤਾਪ ਨੇ ਇਸ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਕੀਤੀ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ‘ਬੰਦੀ ਸਿੰਘ ਰਿਹਾਈ ਮੋਰਚਾ’ ਦੇ ਆਗੂ ਭਾਈ ਜੰਗ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਨਮਾਨ ਸਮਾਗਮ ਨੂੰ ਸਿਆਸੀ ਕਾਰਵਾਈ ਕਰਾਰ ਦਿੰਦਿਆਂ ਇਸ ਦਾ ਵਿਰੋਧ ਕੀਤਾ। ਉਨ੍ਹਾਂ ਭਾਈ ਦਾਦੂਵਾਲ, ਕੁੰਵਰ ਵਿਜੈ ਪ੍ਰਤਾਪ ਅਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਸਿਆਸਤ ਕਰਨਾ ਠੀਕ ਨਹੀਂ। ਸਾਬਕਾ ਆਈਜੀ ਨੇ ਜਾਂਚ ਰਿਪੋਰਟ ਵਿਚ ਸੱਤ ਪੁਲੀਸ ਕਰਮਚਾਰੀਆਂ, ਜਿਨ੍ਹਾਂ ਖ਼ਿਲਾਫ਼ ਪਿਛਲੀ ਰਿਪੋਰਟ ਵਿਚ ਦੋਸ਼ ਲਾਏ ਗਏ ਸਨ, ਨੂੰ ਦੋਸ਼ ਮੁਕਤ ਕੀਤਾ ਹੈ। ਜਾਂਚ ਰਿਪੋਰਟ ਵਿਚ ਕਿਸੇ ਵੀ ਮੁਲਜ਼ਮ ਦਾ ਨਾਂ ਸਾਹਮਣੇ ਨਹੀਂ ਆਇਆ।