ਪੱਤਰ ਪ੍ਰੇਰਕ
ਕਰਨਾਲ/ਪਾਣੀਪਤ, 7 ਜੁਲਾਈ
ਹਰਿਆਣਾ ਪੁਲੀਸ ਨੇ ਜ਼ਿਲ੍ਹਾ ਪਾਣੀਪਤ ਵਿੱਚ ਗਸ਼ਤ ਦੌਰਾਨ ਪੁਲੀਸ ਟੀਮ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇਕ ਦੇਸੀ ਪਿਸਤੌਲ ਤੇ 2 ਡਾਂਗਾਂ ਬਰਾਮਦ ਕੀਤੀਆਂ ਹਨ।
ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਨਿਵਾਸੀ ਅੰਕਿਤ, ਲਖੀਮਪੁਰ ਨਿਵਾਸੀ ਵਿਕਾਸ ਤੇ ਸੋਨੀਪਤ ਦੇ ਨੰਗਲ ਕਲਾਂ ਦੇ ਸੰਦੀਪ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਪਿਛਲੇ ਸਾਲ ਦਿੱਲੀ ਵਿਚ ਇਕ ਕਤਲ ਦੀ ਵਾਰਦਾਤ ਤੇ ਸੋਨੀਪਤ, ਰੋਹਤਕ ਅਤੇ ਰਿਵਾੜੀ ਵਿਚ ਰਿਫਾਇਨਰੀ ਪਾਈਪਲਾਈਨ ਤੋਂ ਤੇਲ ਚੋਰੀ ਦੇ 5 ਮਾਮਲਿਆਂ ਵਿਚ ਵੀ ਸ਼ਾਮਲ ਸਨ। ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਲਗਾਤਾਰ ਆਪਣੇ ਠਿਕਾਣੇ ਬਦਲ ਰਹੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਯਾਤਰੀਆਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ।
ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਚੌਟਾਲਾ ਰੋਡ ਤੋਂ ਸੈਕਟਰ-29 ਜਾਣ ਵਾਲੀ ਸੜਕ ਤੋਂ ਪਹਿਲਾਂ ਹੀ ਗੱਡੀ ਖੜ੍ਹਾ ਕੇ ਸਿਵਲ ਕੱਪੜਿਆਂ ਵਿੱਚ ਇਲਾਕੇ ਦੀ ਘੇਰਾਬੰਦੀ ਕਰ ਲਈ। ਪੁਲੀਸ ਨੇ ਇਲਾਕੇ ਨੂੰ ਘੇਰਨ ਮਗਰੋਂ ਸਿਵਲ ਕੱਪੜਿਆਂ ਵਿੱਚ ਇੱਕ ਸਿਪਾਹੀ ਨੂੰ ਭੇਜਿਆ। ਇਸ ਸਿਪਾਹੀ ਨੂੰ ਮੁਲਜ਼ਮਾਂ ਨੇ ਇੱਕ ਮੁਸਾਫ਼ਰ ਸਮਝ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਲਜ਼ਮਾਂ ਵਿੱਚੋਂ ਇਕ ਨੌਜਵਾਨ ਦੇ ਹੱਥ ਵਿੱਚ ਦੇਸੀ ਪਿਸਤੌਲ ਤੇ ਦੋ ਦੇ ਹੱਥਾਂ ਵਿਚ ਡਾਂਗਾਂ ਫੜੀਆਂ ਹੋਈਆਂ ਸਨ। ਪੁਲਿਸ ਟੀਮ ਨੇ ਯੋਜਨਾ ਮੁਤਾਬਕ ਮੌਕੇ ’ਤੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।