ਬੰਗਲੂਰੂ, 4 ਅਪਰੈਲ
ਕਰਨਾਟਕ ਦੇ ਭਾਜਪਾ ਵਿਧਾਇਕ ਤੇ ਸਾਬਕਾ ਮੰਤਰੀ ਰਾਮੇਸ਼ ਜਰਕੀਹੋਲੀ ਦੀ ਕਥਿਤ ਸ਼ਮੂਲੀਅਤ ਵਾਲੀ ਇਕ ‘ਸੈਕਸ ਵੀਡੀਓ’ ਵਿਚ ਨਜ਼ਰ ਆਈ ਔਰਤ ਨੇ ਪੁਲੀਸ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਬੰਗਲੂਰੂ ਪੁਲੀਸ ਦੇ ਕਮਿਸ਼ਨਰ ਕਮਲ ਪੰਤ ਨੂੰ ਲਿਖੇ ਪੱਤਰ ਵਿਚ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ ਜਦਕਿ ਮੁਲਜ਼ਮ ਨੂੰ ਸਿਰਫ਼ ਇਕ ਵਾਰ ਸੱਦਿਆ ਗਿਆ ਹੈ। ਮਹਿਲਾ ਨੇ ਪੱਤਰ ਵਿਚ ਲਿਖਿਆ ਹੈ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਹੈ ਕਿ ‘ਉਹ ਪੀੜਤਾ ਹੈ ਜਾਂ ਮੁਲਜ਼ਮ ਹੈ।’ ਪੱਤਰ ਨੂੰ ਸੋਸ਼ਲ ਮੀਡੀਆ ਉਤੇ ਜਨਤਕ ਕੀਤਾ ਗਿਆ ਹੈ। ਮਹਿਲਾ ਨੇ ਦੋਸ਼ ਲਾਇਆ ਹੈ ਕਿ ਹਾਲਾਂਕਿ ਰਮੇਸ਼ ਜਰਕੀਹੋਲੀ ਨੇ ਉਸ ਦਾ ਨਾਂ ਸ਼ਿਕਾਇਤ ਵਿਚ ਨਹੀਂ ਦਿੱਤਾ ਹੈ, ਫਿਰ ਵੀ ਪੁਲੀਸ ਨੇ ਉਸ ਦੀ ਕਿਰਾਏ ਦੀ ਰਿਹਾਇਸ਼ ਉਤੇ ਛਾਪਾ ਮਾਰ ਕੇ ਸਾਰੇ ਸਬੂਤ ਮਿਟਾ ਦਿੱਤੇ ਹਨ ਤਾਂ ਕਿ ਉਸ ਨੂੰ ਮੁਲਜ਼ਮ ਵਜੋਂ ਪੇਸ਼ ਕੀਤਾ ਜਾ ਸਕੇ। ਉਸ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਸਰਕਾਰ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਸਿਧਾਰਮੱਈਆ ਨੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਗਰਾਨੀ ਵਿਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ‘ਸਿਟ’ ਆਜ਼ਾਦ ਢੰਗ ਨਾਲ ਕੰਮ ਨਹੀਂ ਕਰ ਸਕੇਗੀ। -ਪੀਟੀਆਈ