ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਨਵੰਬਰ
‘ਦਿ ਵਾਇਰ’ ਦੇ ਦਿੱਲੀ ਤੇ ਮੁੰਬਈ ਦਫ਼ਤਰਾਂ ਅਤੇ ਇਸ ਦੇ ਮੁੱਖ ਸੰਪਾਦਕਾਂ ਦੇ ਘਰਾਂ ਉੱਪਰ ਦਿੱਲੀ ਪੁਲੀਸ ਵੱਲੋਂ ਮਾਰੇ ਛਾਪੇ ਨੰਗੇ ਚਿੱਟੇ ਰੂਪ ਵਿੱਚ ਪ੍ਰੈੱਸ ਦੀ ਆਜ਼ਾਦੀ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਚੋਣਾਂ ਮੌਕੇ ਦਿੱਤਾ ਬਿਆਨ ਕਿ ਕਲਮਾਂ ਹਥਿਆਰਾਂ ਨਾਲੋਂ ਵੱਧ ਖ਼ਤਰਨਾਕ ਹਨ। ਸੁਪਰੀਮ ਕੋਰਟ ਦੇ ਜੱਜਾਂ ਦਾ ਪ੍ਰੋ. ਜੀਐਨ ਸਾਈਬਾਬਾ ਦੇ ਮਾਮਲੇ ਵਿੱਚ ਦਿਮਾਗਾਂ ਨੂੰ ਖ਼ਤਰਨਾਕ ਦਾ ਫਤਵਾ ਜਾਰੀ ਕਰਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਸਿਵਲ ਸੁਸਾਇਟੀ ਖ਼ਿਲਾਫ਼ ਜੰਗ ਵਿੱਢਣ ਦਾ ਅਗਲਾ ਪੜਾਅ ਹੈ। ਆਗੂਆਂ ਕਿਹਾ ਕਿ ਇਨ੍ਹਾਂ ‘ਦਿ ਵਾਇਰ’ ਦੇ ਦਫ਼ਤਰਾਂ ‘ਤੇ ਛਾਪੇ ਭਾਜਪਾ ਦੇ ਕੌਮੀ ਜਾਣਕਾਰੀ ਤੇ ਤਕਨੀਕ ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਵੱਲੋਂ ਦਰਜ ਕਰਵਾਈ ਐੱਫਆਈਆਰ ਤਹਿਤ ਮਾਰੇ ਗਏ ਹਨ। ਜਦੋਂ ਕਿ ਵਾਇਰ ਨੇ ਜਾਰੀ ਕੀਤੀਆਂ ਮੈਟਾ ਸਟੋਰੀਜ਼ ਨੂੰ 23 ਅਕਤੂਬਰ ਨੂੰ ਹੀ ਹਟਾ ਲਿਆ ਸੀ ਅਤੇ ਖੁਦ ਇਸ ਦੀ ਅੰਦਰੂਨੀ ਪੜਤਾਲ ਕਰਨ ਦਾ ਫ਼ੈਸਲਾ ਕਰ ਲਿਆ ਸੀ। ਇਸ ਸਬੰਧੀ ਦਿ ਵਾਇਰ ਨੇ ਇਕ ਪ੍ਰਮੁੱਖ ਆਰਟੀਕਲ ‘ਦਿ ਵਇਰ ਰੀਟਰੈਕਟਸ ਇਟਸ ਮੈਟਾ ਸਟੋਰੀਜ਼’ ਰਾਹੀਂ ਇਸ ਨੂੰ ਵਾਪਸ ਲੈਣ ਦੇ ਕਾਰਨ ਸਪੱਸ਼ਟ ਕੀਤੇ ਸਨ।