ਮੁੰਬਈ, 30 ਜੂਨ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਹੈ ਕਿ ਮਹਿੰਗਾਈ ਦੇ ਦਬਾਅ ਅਤੇ ਭੂ-ਸਿਆਸੀ ਜੋਖ਼ਮਾਂ ਦੇ ਬਾਵਜੂਦ ਭਾਰਤੀ ਅਰਥਚਾਰੇ ’ਚ ਸੁਧਾਰ ਹੋ ਰਿਹਾ ਹੈ। ਆਰਬੀਆਈ ਦੀ 25ਵੀਂ ਵਿੱਤੀ ਸਥਿਰਤਾ ਰਿਪੋਰਟ (ਐੱਫਐੱਸਆਰ) ’ਚ ਇਹ ਵੀ ਕਿਹਾ ਗਿਆ ਹੈ ਕਿ ਬੈਂਕਾਂ ਦੇ ਨਾਲ ਨਾਲ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ ਕੋਲ ਵੀ ਝਟਕੇ ਸਹਿਣ ਕਰਨ ਲਈ ਢੁੱਕਵੀਂ ਪੂੰਜੀ ਮੌਜੂਦ ਹੈ। ਰਿਪੋਰਟ ਮੁਤਾਬਕ,‘‘ਆਲਮੀ ਘਟਨਾਕ੍ਰਮ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਅਰਥਚਾਰਾ ਲੀਹ ’ਤੇ ਪੈ ਗਿਆ ਹੈ। ਉਂਜ ਮਹਿੰਗਾਈ ਦੇ ਦਬਾਅ, ਬਾਹਰੀ ਘਟਨਾਕ੍ਰਮ ਅਤੇ ਭੂ-ਸਿਆਸੀ ਜੋਖ਼ਮਾਂ ਕਾਰਨ ਹਾਲਾਤ ਨਾਲ ਸਾਵਧਾਨੀਪੂਰਬਕ ਸਿੱਝਣ ਤੇ ਨੇੜਿਉਂ ਨਜ਼ਰ ਰੱਖਣ ਦੀ ਲੋੜ ਹੈ।’’ ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਰੋਪ ’ਚ ਜੰਗ, ਸਿੱਕੇ ਦੀ ਪਾਸਾਰ ਦਰ ਲਗਾਤਾਰ ਉਪਰਲੇ ਪੱਧਰ ’ਤੇ ਰਹਿਣ ਅਤੇ ਕੋਵਿਡ-19 ਮਹਾਮਾਰੀ ਦੀਆਂ ਕਈ ਲਹਿਰਾਂ ਨਾਲ ਸਿੱਝਣ ਲਈ ਕੇਂਦਰੀ ਬੈਂਕਾਂ ਵੱਲੋਂ ਉਠਾਏ ਗਏ ਕਦਮਾਂ ਕਾਰਨ ਆਲਮੀ ਅਰਥਚਾਰੇ ਦਾ ਦ੍ਰਿਸ਼ ਬੇਯਕੀਨੀ ਵਾਲਾ ਹੈ। ਬੈਂਕਿੰਗ ਸੈਕਟਰ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਡਿਊਲਡ ਕਮਰਸ਼ੀਅਲ ਬੈਂਕਾਂ ਦੀ ਜੋਖਮ ਆਧਾਰਿਤ ਸੰਪਤੀ ਅਨੁਪਾਤ 16.7 ਫ਼ੀਸਦ ਦੇ ਨਵੇਂ ਪੱਧਰ ’ਤੇ ਪਹੁੰਚ ਗਿਆ ਹੈ ਜਦਕਿ ਉਨ੍ਹਾਂ ਦਾ ਕੁੱਲ ਐੱਨਪੀਏ ਅਨੁਪਾਤ ਮਾਰਚ ’ਚ 5.9 ਫ਼ੀਸਦ ਨਾਲ ਛੇ ਸਾਲ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। -ਪੀਟੀਆਈ
‘ਕ੍ਰਿਪਟੋਕਰੰਸੀ ਵਿੱਤੀ ਪ੍ਰਣਾਲੀ ਲਈ ਸਪੱਸ਼ਟ ਖਤਰਾ’
ਮੁੰਬਈ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕ੍ਰਿਪਟੋਕਰੰਸੀ ਨੂੰ ਸਪੱਸ਼ਟ ਖਤਰਾ ਦਸਦਿਆਂ ਅੱਜ ਕਿਹਾ ਕਿ ਕਿਸੇ ਕਾਲਪਨਿਕ ਕੀਮਤ ਵਾਲੀ ਕੋਈ ਵੀ ਚੀਜ਼ ਮਹਿਜ਼ ਇੱਕ ਕਿਆਸ ਹੀ ਹੈ। ਸਰਕਾਰ ਵੱਖ ਵੱਖ ਹਿੱਤ ਧਾਰਕਾਂ ਤੇ ਸੰਸਥਾਵਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਕ੍ਰਿਪਟੋਕਰੰਸੀ ਬਾਰੇ ਇੱਕ ਹਦਾਇਤਾਂ ਨੂੰ ਆਖਰੀ ਰੂਪ ਦੇਣ ਦੀ ਪ੍ਰਕਿਰਿਆ ’ਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਭਰ ਰਹੇ ਜੋਖਮਾਂ ਨੂੰ ਲੈ ਕੇ ਚੌਕਸ ਰਹਿਣਾ ਚਾਹੀਦਾ ਹੈ। ਕ੍ਰਿਪਟੋਕਰੰਸੀ ਇੱਕ ਸਪੱਸ਼ਟ ਖਤਰਾ ਹੈ। -ਪੀਟੀਆਈ