ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਨਵੰਬਰ
ਦੇਰ ਰਾਤ ਹੁਸ਼ਿਆਰਪੁਰ-ਚਿੰਤਪੂਰਨੀ ਸੜਕ ‘ਤੇ ਅੱਡਾ ਮੰਗੂਵਾਲ ਦੇ ਨੇੜੇ ਇਕ ਬੋਲੈਰੋ ਗੱਡੀ ਵਿੱਚ ਸਵਾਰ ਦੋ ਅਣਪਛਾਤੇ ਵਿਅਕਤੀ ਹੁਸ਼ਿਆਰਪੁਰ ਦੇ ਕਾਰੋਬਾਰੀ ਕੋਲੋਂ ਪਿਸਤੌਲ ਦੀ ਨੋਕ ‘ਤੇ 1.35 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ‘ਤੇ ਪੰਜਾਬ ਪੁਲੀਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੀ ਜਾਣਕਾਰੀ ਦਿੰਦਿਆਂ ਕਾਰੋਬਾਰੀ ਡਾ. ਰੂਬਲ ਨੇ ਅੱਜ ਇੱਥੇ ਦੱਸਿਆ ਕਿ ਉਹ ਵੀਰਵਾਰ ਨੂੰ ਦੇਰ ਰਾਤ ਗਗਰੇਟ ਵਿਚ ਸਥਿਤ ਆਪਣੀ ਫ਼ੈਕਟਰੀ ਰੂਬਲ ਹੈਲਥ ਕੇਅਰ ਤੋਂ ਹੁਸ਼ਿਆਰਪੁਰ ਵਾਪਿਸ ਪਰਤ ਰਿਹਾ ਸੀ। ਜਦੋਂ ਉਹ ਪੰਜਾਬ ਦੀ ਹੱਦ ਅੰਦਰ ਅੱਡਾ ਮੰਗੂਵਾਲ ਦੇ ਨੇੜੇ ਪੁੱਜਿਆ ਤਾਂ ਸੜਕ ਕਿਨਾਰੇ ਇਕ ਬੋਲੈਰੋ ਗੱਡੀ ਖੜ੍ਹੀ ਸੀ ਜਿਸ ‘ਤੇ ਪੰਜਾਬ ਸਰਕਾਰ ਲਿਖਿਆ ਹੋਇਆ ਸੀ ਅਤੇ ਗੱਡੀ ਕੋਲ ਖੜ੍ਹੇ ਵਿਅਕਤੀਆਂ ਨੇ ਉਸ ਨੂੰ ਲਾਲ ਝੰਡੀ ਵਿਖਾ ਕੇ ਰੁਕਣ ਦਾ ਇਸ਼ਾਰਾ ਕੀਤਾ। ਇਨ੍ਹਾਂ ਵਿਅਕਤੀਆਂ ਨੇ ਮਾਸਕ ਪਹਿਨੇ ਹੋਏ ਸਨ।
ਡਾ. ਰੂਬਲ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮ ਸਮਝ ਕੇ ਉਸ ਨੇ ਗੱਡੀ ਰੋਕ ਲਈ। ਗੱਡੀ ਰੁਕਣ ‘ਤੇ ਇਕ ਵਿਅਕਤੀ ਨੇ ਉਸ ਦੀ ਗੱਡੀ ‘ਚ ਆ ਕੇ ਬੈਠ ਕੇ ਪਿਸਤੌਲ ਉਸ ਦੀ ਪੁੜਪੁੜੀ ‘ਤੇ ਰੱਖ ਕੇ ਉਸ ਦਾ ਬੈਗ ਖੋਹ ਲਿਆ ਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।