ਨਿਊਯਾਰਕ, 23 ਅਕਤੂਬਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਡੈਮੋਕ੍ਰੇਟਿਕ ਵਿਰੋਧੀ ਜੋਅ ਬਾਇਡਨ ਨਾਲ ਆਖਰੀ ਰਾਸ਼ਟਰਪਤੀ ਬਹਿਸ ਮੌਕੇ ਵਾਤਾਵਰਣ ਅਤੇ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ’ਤੇ ਚਰਚਾ ਕਰਦਿਆਂ ਭਾਰਤ ਅਤੇ ਇੱਥੋਂ ਦੀ ਹਵਾ ਨੂੰ ‘ਗੰਦਾ’ ਕਰਾਰ ਦਿੱਤਾ।
ਨੈਸ਼ਿਵਲੇ ਵਿੱਚ ਵੀਰਵਾਰ ਰਾਤ ਆਪਣੇ ਸੰਬੋਧਨ ਵਿੱਚ ਟਰੰਪ ਨੇ ਕਿਹਾ, ‘‘ਚੀਨ ਨੂੰ ਦੇਖੋ, ਇਹ ਕਿੰਨਾ ਗੰਦਾ ਹੈ। ਰੂਸ ਨੂੰ ਦੇਖੋ, ਭਾਰਤ ਨੂੰ ਦੇਖੋ, ਇਹ ਗੰਦੇ ਹਨ। ਇਨ੍ਹਾਂ ਦੀ ਹਵਾ ਗੰਧਲੀ ਹੈ।’’ ਤਿੰਨਾਂ ਮੁਲਕਾਂ ਨੂੰ ਨਿਸ਼ਾਨਾ ਬਣਾਊਣ ਤੋਂ ਪਹਿਲਾਂ ਟਰੰਪ ਨੇ ਕਿਹਾ, ‘‘ਮੌਜੂਦਾ ਪ੍ਰਸ਼ਾਸਨ ਹੇਠ ਦੇਸ਼ ਦੇ ਹਵਾ ਵਿੱਚ ਕਾਰਬਨ ਛੱਡਣ ਦੇ ਅੰਕੜੇ ਪਿਛਲੇ 35 ਸਾਲਾਂ ’ਚੋਂ ਸਭ ਤੋਂ ਬਿਹਤਰ ਹਨ, ਅਸੀਂ ਸਨਅਤਾਂ ਨਾਲ ਵਧੀਆ ਕੰਮ ਕਰੇ ਹਾਂ।’’ ਇਸ ਬਹਿਸ ਦੌਰਾਨ ਭਾਰਤ ਦਾ ਜ਼ਿਕਰ ਸਿਰਫ਼ ਇੱਕ ਵਾਰ ਵਾਤਾਵਰਣ ਦੇ ਮੁੱਦੇ ’ਤੇ ਚਰਚਾ ਦੌਰਾਨ ਹੀ ਹੋਇਆ। ਇਹ ਬਹਿਸ ਵਿਦੇਸ਼ ਨੀਤੀ ਅਤੇ ਰਣਨੀਤਕ ਹਿੱਤਾਂ ਤੋਂ ਲਗਭਗ ਅਭਿੱਜ ਹੀ ਰਹੀ। ਊੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਦੇ ਮੁੱਦੇ ’ਤੇ ਟਰੰਪ ਨੇ ਕਿਹਾ ਕਿ ਬਾਇਡਨ ਦੇ ਊਪ-ਰਾਸ਼ਟਰਪਤੀ ਕਾਰਜਕਾਲ ਨਾਲੋਂ ਊਲਟ ਊਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਮੁਲਕ ਨੇ ਕੋਈ ਪਰਮਾਣੂ ਪਰਖ ਨਹੀਂ ਕੀਤੀ। ਊਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਊੱਤਰੀ ਕੋਰੀਆ ਨਾਲ ਜੰਗ ਦੀ ਊਮੀਦ ਸੀ, ਜੋ ਊਨ੍ਹਾਂ ਨੇ ਹੋਣ ਨਹੀਂ ਦਿੱਤੀ। ਟਰੰਪ ਨੇ ਕਿਹਾ ਕਿ ਊਹ ਚੀਨ ਨੂੰ ਕੋਵਿਡ-19 ਮਹਾਮਾਰੀ ਫੈਲਾਊਣ ਦੀ ਕੀਮਤ ਅਦਾ ਕਰਨ ਲਈ ਮਜਬੂਰ ਕਰਨਗੇ ਜਦਕਿ ਬਾਇਡਨ ਵਲੋਂ ਚੀਨ ਖ਼ਿਲਾਫ਼ ਸਖ਼ਤ ਕਾਰਵਾਈ ਦਾ ਕੋਈ ਅਹਿਦ ਨਹੀਂ ਲਿਆ ਜਾਵੇਗਾ। ਚੀਨ ਅਤੇ ਰੂਸ ਦਾ ਜ਼ਿਕਰ ਬਾਇਡਨ ਦੇ ਪੁੱਤਰ ਹੰਟਰ ਵਲੋਂ ਊਥੋਂ ਦੇ ਸਰੋਤਾਂ ਅਤੇ ਯੂਕਰੇਨ ਤੋਂ ਕਥਿਤ ਤੌਰ ’ਤੇ ਰਾਸ਼ੀ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਵੀ ਹੋਇਆ। ਬਾਇਡਨ ਨੇ ਅਜਿਹੇ ਸਰੋਤਾਂ ਤੋਂ ਕਿਸੇ ਤਰ੍ਹਾਂ ਦੀ ਮਾਇਕ ਮਦਦ ਪ੍ਰਾਪਤ ਕਰਨ ਨੂੰ ਰੱਦ ਕੀਤਾ। ਕਰੀਬ 90 ਮਿੰਟ ਚੱਲੀ ਇਸ ਬਹਿਸ ਵਿੱਚ ਦੋਵੇਂ ਆਗੂ ਕੋਵਿਡ-19, ਨਸਲੀ ਮਾਮਲਿਆਂ ਅਤੇ ਪਰਵਾਸ ਆਦਿ ਮੁੱਦਿਆਂ ’ਤੇ ਵੀ ਆਹਮੋ-ਸਾਹਮਣੇ ਹੋਏ। ਨਿੱਜੀ ਹਮਲਿਆਂ ਨਾਲ ਭਰਪੂਰ ਇਸ ਬਹਿਸ ਵਿੱਚ ਦੋਵਾਂ ਆਗੂਆਂ ਦੀ ਇੱਕੋ-ਦੂਜੇ ਪ੍ਰਤੀ ਨਾਪਸੰਦਗੀ ਵੀ ਊਜਾਗਰ ਹੋ ਰਹੀ ਸੀ। ਬਾਇਡਨ ਨੇ ਟਰੰਪ ’ਤੇ ਮਹਾਮਾਰੀ ’ਤੇ ਕਾਬੂ ਪਾਊਣ ਵਿੱਚ ਅਸਮਰੱਥ ਰਹਿਣ ਅਤੇ ਅੱਗੇ ਆ ਰਹੀ ਸਰਦ ਰੁੱਤ ਲਈ ਕੋਈ ਠੋਸ ਯੋਜਨਾ ਨਾ ਹੋਣ ਦੇ ਦੋਸ਼ ਲਾਏ ਜਦਕਿ ਟਰੰਪ ਨੇ ਇਸ ਨੂੰ ਵਿਸ਼ਵ ਭਰ ਦੀ ਸਮੱਸਿਆ ਦੱਸਿਆ ਅਤੇ ਜਲਦੀ ਹੀ ਵੈਕਸੀਨ ਦਾ ਐਲਾਨ ਹੋਣ ਦਾ ਦਾਅਵਾ ਕੀਤਾ। ਬਾਇਡਨ ਨੇ ਟਰੰਪ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਧ ਨਸਲੀ ਵਿਤਕਰੇ ਕਰਨ ਵਾਲਾ ਰਾਸ਼ਟਰਪਤੀ ਦੱਸਿਆ।
-ਆਈਏਐੱਨਐੱਸ
ਟਰੰਪ ਦੀਆਂ ਟਿੱਪਣੀਆਂ ਤੋਂ ਟਵਿੱਟਰ ’ਤੇ ਬਹਿਸ ਛਿੜੀ
ਨਵੀਂ ਦਿੱਲੀ (ਟਨਸ): ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਭਾਰਤ ਬਾਰੇ ਟਿੱਪਣੀਆਂ ਮਗਰੋਂ ਟਵਿੱਟਰ ’ਤੇ ਲੋਕਾਂ ਨੇ ਵੱਖੋ-ਵੱਖਰੀ ਰਾਇ ਦਿੱਤੀ ਹੈ। ਇੱਕ ਪਾਸੇ ਲੋਕਾਂ ਨੇ ਦੇਸ਼ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਮੰਨੀ ਤਾਂ ਦੂਜੇ ਪਾਸੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਨਾਲ ‘ਗੂੜ੍ਹੀ ਮਿੱਤਰਤਾ’ ਅਤੇ ਪਿਛਲੇ ਵਰ੍ਹੇ ਦੇ ‘ਹਾਓਡੀ, ਮੋਦੀ!’ ਸਮਾਗਮ ’ਤੇ ਚੁਟਕੀ ਲਈ। ਦੇਸ਼ ਵਿੱਚ ਆਨਲਾਈਨ ਛਿੜੀ ਇਸ ਬਹਿਸ ਦੌਰਾਨ ਲੋਕਾਂ ਨੇ ਆਪਣੀਆਂ ਚਿੰਤਾਵਾਂ ਪ੍ਰਗਟਾਉਂਦਿਆਂ ਦੂਸ਼ਿਤ ਹੋਏ ਸ਼ਹਿਰਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਹਵਾ ਪ੍ਰਦੂਸ਼ਣ ਦੇ ਟਾਕਰੇ ਲਈ ਸਖ਼ਤ ਕਦਮ ਚੁੱਕਣ ਦਾ ਸੱਦਾ ਦਿੱਤਾ। ਇੱਕ ਟਵਿੱਟਰ ਵਰਤੋਕਾਰ ਨੇ ਦਿੱਲੀ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਅਸਮਾਨੀਂ ਧੂੰਆਂ ਚੜ੍ਹਿਆ ਹੋਇਆ ਹੈ ਅਤੇ ਪਿੱਛੇ ਕੌਮੀ ਝੰਡਾ ਲਹਿਰਾ ਰਿਹਾ ਹੈ। ਊਸ ਨੇ ਟਰੰਪ ਦੀਆਂ ਟਿੱਪਣੀਆਂ ਬਾਰੇ ਲਿਖਿਆ, ‘‘ਇਹ ਦੁਖਦਾਈ ਹੈ, ਪਰ ਅਸੀਂ ਕਿਸੇ ਨੂੰ ਸਾਡਾ ਮਾਣ-ਇੱਜ਼ਤ ਕਰਨ ਲਈ ਮਜਬੂਰ ਨਹੀਂ ਕਰ ਸਕਦੇ। ਸਾਡੇ ਅਗਲੇ ਟੀਚੇ ਇਹ ਹੋਣੇ ਚਾਹੀਦੇ ਹਨ 1. ਜੈਵਿਕ ਬਾਲਣ ਵਾਲੇ ਨਿੱਜੀ ਵਾਹਨਾਂ ਨੂੰ ਨਿਰਊਤਸ਼ਾਹਿਤ ਕਰਨਾ 2. ਜਨਤਕ ਆਵਾਜਾਈ ’ਤੇ ਸਬਸਿਡੀ 3. ਈ-ਵਾਹਨਾਂ ਨੂੰ ਊਤਸ਼ਾਹਿਤ ਕਰਨਾ 4. ਵਾਹਨਾਂ ਦੀ ਮਨਾਹੀ ਵਾਲੀਆਂ ਜ਼ੋਨਾਂ 5. ਜਨਤਕ ਆਵਾਜਾਈ ਦਿਵਸ।’’