ਮੁੰਬਈ, 4 ਅਪਰੈਲ
ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਧਮਾਕਾਖੇਜ਼ ਸਮੱਗਰੀ ਨਾਲ ਭਰੀ ਐੱਸਯੂਵੀ ਮਿਲਣ ਅਤੇ ਕਾਰੋਬਾਰੀ ਮਨਸੁਖ ਹੀਰੇਨ ਦੀ ਕਥਿਤ ਹੱਤਿਆ ਦੀ ਜਾਂਚ ਦੌਰਾਨ ਐਨਆਈਏ ਨੂੰ ਕੁਝ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਵਿੱਚ ਮੁੰਬਈ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਰਿਸ਼ਵਤ ਦੇਣ ਦਾ ਜ਼ਿਕਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੀ ਭੂਮਿਕਾ ਦੀ ਜਾਂਚ ਦੇ ਸਿਲਸਿਲੇ ਵਿੱਚ ਵੀਰਵਾਰ ਨੂੰ ਦੱਖਣੀ ਮੁੰਬਈ ਦੇ ਗਿਰਗਾਓਂ ਸਥਿਤ ਇਕ ਕਲੱਬ ’ਤੇ ਛਾਪਾ ਮਾਰਿਆ ਗਿਆ ਸੀ, ਜਿਥੋਂ ਇਹ ਦਸਤਾਵੇਜ਼ ਮਿਲੇ ਸਨ। ਐਨਆਈਏ ਉਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਵਜ਼ੇ ਸੱਤ ਅਪਰੈਲ ਤਕ ਐਨਆਈਏ ਦੀ ਹਿਰਾਸਤ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਦਸਤਾਵੇਜ਼ ਵਿੱਚ ਦਫ਼ਤਰਾਂ ਦੇ ਨਾਂ ਅਤੇ ਅਹੁਦਿਆਂ ਨਾਲ ਅਫਸਰਾਂ ਦੇ ਨਾਂ ਅਤੇ ਉਨ੍ਹਾਂ ਅੱਗੇ ਰਾਸ਼ੀ ਲਿਖੀ ਹੋਈ ਹੈ ਅਤੇ ਇਸ ਦੀ ਮਹੀਨਾਵਾਰ ਸੂਚੀ ਬਣਾਈ ਗਈ ਹੈ। –ਏਜੰਸੀ