ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਦਸੰਬਰ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਢੇ 14 ਮਹੀਨੇ ਚੱਲਿਆ ਕਿਸਾਨ ਮੋਰਚਾ ਜਿੱਤ ਦੇ ਜਸ਼ਨਾਂ ਨਾਲ ਖਤਮ ਕਰਨ ਤੋਂ ਬਾਅਦ ਮੁੜ ਲੱਗ ਗਿਆ ਹੈ। ਇਸ ਵਾਰ ਮੁੱਦਾ ਪੰਜਾਬ ’ਚ ਇਕ ਸਾਲ ਤੱਕ ਬੰਦ ਰਹੇ ਟੌਲ ਪਲਾਜ਼ਿਆਂ ’ਤੇ ਰੇਟ ਵਿੱਚ ਕੀਤਾ ਵਾਧਾ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਇਸ ਧਰਨੇ ਦਾ ਸੱਦਾ ਦਿੱਤਾ, ਜਿਸ ਤਹਿਤ ਕਿਸਾਨ ਚੌਕੀਮਾਨ ਟੌਲ ’ਤੇ ਦੁਬਾਰਾ ਡਟ ਗਏ ਹਨ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਟੌਲ ਕੰਪਨੀਆਂ ਪੰਜਾਬ ਦੇ ਲੋਕਾਂ ਨਾਲ ਇਓਂ ਧੱਕਾ ਨਹੀਂ ਕਰ ਸਕਦੀਆਂ ਅਤੇ ਇਨ੍ਹਾਂ ਨੂੰ ਰੇਟ ਵਧਾ ਕੇ ਲੁੱਟ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਟੌਲ ਰੇਟ ’ਚ ਵਾਧੇ ਖ਼ਿਲਾਫ਼ ਮੋਰਚੇ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਇਸੇ ਐਲਾਨ ਦੀ ਹਮਾਇਤ ’ਚ ਇਥੇ ਵੀ ਕਿਸਾਨ ਡਟ ਗਏ ਹਨ। ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਮਾਸਟਰ ਆਤਮਾ ਸਿੰਘ ਬੋਪਾਰਾਏ, ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਅਵਤਾਰ ਸਿੰਘ ਰਸੂਲਪੁਰ, ਰਣਜੀਤ ਸਿੰਘ ਗੁੜੇ, ਨਛੱਤਰ ਸਿੰਘ ਸਹੌਲੀ ਆਦਿ ਨੇ ਕਿਹਾ ਕਿ ਟੌਲ ਕੰਪਨੀਆਂ ਵੱਲੋਂ ਕਈ ਥਾਈਂ ਨਿਗੂਣੇ ਅਤੇ ਕਈ ਥਾਈਂ ਟੌਲ ’ਚ ਭਾਰੀ ਵਾਧਾ ਕੀਤਾ ਗਿਆ ਹੈ, ਜੋ ਪੰਜਾਬੀ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਚੁੱਪ ਰੜਕਦੀ ਹੈ, ਖਾਸਕਰ ਹਾਕਮ ਧਿਰ ਕਾਂਗਰਸ ਦਾ ਕੋਈ ਮੰਤਰੀ ਜਾਂ ਆਗੂ ਮੂੰਹ ਨਹੀਂ ਖੋਲ੍ਹ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਚਿਤਾਵਨੀ ਨੂੰ ਹਲਕੇ ’ਚ ਨਾ ਲਵੇ ਕਿਉਂਕਿ ਕਿਸਾਨਾਂ ਦੀਆਂ ਸੂਬਾ ਸਰਕਾਰ ਨਾਲ ਸਬੰਧਤ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਅਗਲਾ ਮੋਰਚਾ ਪੰਜਾਬ ਸਰਕਾਰ ਖ਼ਿਲਾਫ਼ ਹੀ ਲੱਗੇਗਾ ਅਤੇ ਕਾਂਗਰਸ ਨੂੰ ਅਗਾਮੀ ਚੋਣਾਂ ’ਚ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਟੌਲ ਰੇਟ ’ਚ ਵਾਧੇ ਅਤੇ ਫਾਸਟੈਗ ਰਾਹੀਂ ਦੁੱਗਣਾ ਪੈਸਾ ਕੱਟਣ ਦੀ ਸ਼ਰਾਰਤ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਧਰਨੇ ਟੌਲ ਰੇਟ ਪਹਿਲਾਂ ਵਾਲੇ ਹੋਣ ਤੱਕ ਨਿਰੰਤਰ ਜਾਰੀ ਰਹਿਣਗੇ। ਇਕੱਠੇ ਨੂੰ ਮਲਕੀਤ ਸਿੰਘ ਬੱਦੋਵਾਲ, ਸਰਵਿੰਦਰ ਸਿੰਘ ਸੁਧਾਰ, ਹਰਮਿੰਦਰ ਸਿੰਘ ਸੇਖੋਂ, ਕਰਨੈਲ ਸਿੰਘ ਗੁੜੇ, ਮਲਕੀਤ ਸਿੰਘ ਤਲਵੰਡੀ ਆਦਿ ਨੇ ਵੀ ਸੰਬੋਧਨ ਕੀਤਾ।
ਰਾਜੇਵਾਲ ਦੀ ਪ੍ਰਧਾਨਗੀ ਹੇਠ ਕਿਸਾਨਾਂ ਨੇ ਮਸਲੇ ਵਿਚਾਰੇ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਮੈਬਰਾਂ ਦੀ ਇਕੱਤਰਤਾ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਪਿਛਲੇ ਸਮੇਂ ਦੌਰਾਨ ਚੱਲੇ ਅੰਦੋਲਨ ਦਾ ਲੇਖਾ ਜੋਖਾ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਦੇ ਅਹੁਦੇਦਾਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਨੇ ਵੱਖ-ਵੱਖ ਮੁੱਦਿਆਂ ’ਤੇ ਘੋਲ ਲੜਨ ਲਈ ਵਿਚਾਰ ਵਟਾਂਦਰਾ ਕੀਤਾ। ਰਾਜੇਵਾਲ ਨੇ ਦਿੱਲੀ ਅੰਦੋਲਨ ਦੀ ਜਿੱਤ ’ਤੇ ਸਮੂਹ ਵਰਗਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰਾਂ ਦੇ ਰਵੱਈਏ ਨੂੰ ਦੇਖਦਿਆਂ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਪ੍ਰਵਾਸੀ ਵੀਰਾਂ ਵੱਲੋਂ ਦਿੱਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਅੱਗੇ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬਲਦੇਵ ਸਿੰਘ ਮੀਆਂਪੁਰ, ਗੁਰਬਚਨ ਸਿੰਘ ਬਾਜਵਾ, ਅਮਰੀਕ ਸਿੰਘ, ਨੇਕ ਸਿਘ, ਪਰਮਿੰਦਰ ਸਿੰਘ, ਰਾਜਿੰਦਰ ਸਿੰਘ, ਘੁੰਮਣ ਸਿੰਘ, ਪ੍ਰਗਟ ਸਿੰਘ, ਮਨਮੋਹਣ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦਾ ਸਨਮਾਨ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਹਰਮੀਤ ਸਿੰਘ ਕਾਦੀਆਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਲਾਂਬਾ, ਸਰਪੰਚ ਬਾਦਸ਼ਾਹ ਸਿੰਘ, ਸਰਪੰਚ ਅਮਰੀਕ ਸਿੰਘ, ਰਾਮ ਸਿੰਘ ਲਾਡੋਵਾਲ, ਸ਼ਮਸ਼ੇਰ ਸਿੰਘ ਲਾਡੋਵਾਲ, ਮਨਜੀਤ ਅਰੋੜਾ, ਬਿੱਟੂ ਭਾਟੀਆ, ਗੁਰਪ੍ਰੀਤ ਸਿੰਘ ਸੋਨੀ ਅਤੇ ਫਤਹਿ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਕਾਦੀਆਂ ਨੂੰ ਸਿਰੋਪਾਓ ਅਤੇ ਦੋਸ਼ਾਲਾ ਭੇਟ ਕੀਤਾ। ਇਸ ਮੌਕੇ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਜਿੱਤ ਸਮੁੱਚੇ ਦੇਸ਼ ਦੇ ਲੋਕਾਂ ਦੀ ਆਪਣੀ ਅਤੇ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਜਥੇਦਾਰ ਨਿਮਾਣਾ ਅਤੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਮੋਰਚੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਗੁਲਮੋਹਰ ਹੋਟਲ ਦੇ ਬਾਹਰ ਮੋਰਚਾ ਲਗਾਇਆ ਗਿਆ ਸੀ। ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤਿਆਂ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੀ ਇੱਕਜੁੱਟਤਾ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਲੜੇ ਗਏ ਸੰਘਰਸ਼ ਵਿੱਚ ਫ਼ਤਹਿ ਪ੍ਰਾਪਤ ਕਰਨਾ ਕਿਸਾਨਾਂ ਦੀ ਵੱਡੀ ਇਤਿਹਾਸਕ ਜਿੱਤ ਹੈ।