ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਚੀਨ ਤੋਂ ਡਰੇ ਹੋਏ ਹਨ। ਉਨ੍ਹਾਂ ਆਪਣੇ ਟਵਿੱਟਰ ਖਾਤੇ ’ਤੇ ਸਰਹੱਦੀ ਵਿਵਾਦ ਨਾਲ ਸਬੰਧਤ ਛੋਟੀ ਜਿਹੀ ਵੀਡੀਓ ਪਾ ਕੇ ਲਿਖਿਆ,‘ਸ੍ਰੀਮਾਨ 56 ਇੰਚ ਚੀਨ ਤੋਂ ਡਰੇ ਹੋਏ ਹਨ।’ ਉਨ੍ਹਾਂ ਵੀਡੀਓ ਨੂੰ ‘ਕ੍ਰੋਨੋਲੋਜੀ ਸਮਝੀਏ’ ਦਾ ਕੈਪਸ਼ਨ ਦਿੱਤਾ। ਭਾਰਤ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਸਥਿਤੀ ਨੂੰ ਬਦਲਣ ਲਈ ਚੀਨ ਵਾਲੇ ਪਾਸਿਓਂ ਵੱਲੋਂ ‘ਭੜਕਾਊ ਵਤੀਰੇ ਅਤੇ ਇਕਪਾਸੜ’ ਕੋਸ਼ਿਸ਼ਾਂ ਕਾਰਨ ਪਹਾੜੀ ਖੇਤਰ ਵਿੱਚ ਸ਼ਾਂਤੀ ਭੰਗ ਹੋਈ ਹੈ। ਵਿਦੇਸ਼ੀ ਮਾਮਲਿਆਂ ਸਬੰਧੀ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ 15 ਜੂਨ ਨੂੰ ਗਲਵਾਨ ਵਾਦੀ ਵਿੱਚ ਹੋਈਆਂ ਝੜਪਾਂ ਲਈ ਭਾਰਤ ਨੂੰ ਦੋਸ਼ ਦੇਣ ਵਾਲੇ ਚੀਨ ਦੀਆਂ ਤਾਜ਼ਾ ਟਿੱਪਣੀਆਂ ਨੂੰ ਨਕਾਰ ਦਿੱਤਾ। -ਪੀਟੀਆਈ